ਸਿਆਣਿਆਂ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ‘ਚ ਹੀ ਪਤਾ ਲੱਗਦਾ ਹੈ, ਇਹ ਲਾਈਨ ਅਕਸਰ ਸਾਨੂੰ ਸਭ ਨੂੰ ਆਪਣੇ ਘਰਾਂ ਚ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦੀ ਹੈ। ਆਂਵਲਾ ਸਾਡੀ ਜ਼ਿੰਦਗੀ ਵਿੱਚੋਂ ਬਹੁਤ ਬਿਮਾਰੀਆਂ ਦੂਰ ਕਰਨ ਵਿੱਚ ਮੱਦਦ ਕਰਦਾ ਹੈ। ਗਰਮੀ ਦਾ ਮੌਸਮ ਖ਼ਤਮ ਹੋਣ ਦੀ ਤਾਦਾਦ ਤੇ ਹੈ। ਇਸ ਮੌਸਮ ਵਿੱਚ ਕਈ ਵਿਅਕਤੀਆਂ ਨੂੰ ਨਕਸੀਰ ਫੁੱਟਣ ਦੀ ਪਰੇਸ਼ਾਨੀ ਨਾਲ ਜੂਝਣਾ ਪੈਂਦਾ ਹੈ ਜਿਸਦਾ ਇਲਾਜ਼ ਆਂਵਲੇ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ। ਜਾਮੁਣ, ਅੰਬ ਅਤੇ ਆਂਵਲੇ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਉਸਦਾ ਲੇਪ ਤਿਆਰ ਕਰਕੇ ਮੱਥੇ ਤੇ ਲਗਾਉਣ ਨਾਲ ਇਸ ਮੁਸੀਬਤ ਤੋਂ ਰਾਹਤ ਪਾਈ ਜਾ ਸਕਦੀ ਹੈ।
ਸਵੇਰੇ ਉੱਠ ਕੇ ਕੁੱਝ ਵੀ ਖਾਣ-ਪੀਣ ਤੋਂ ਪਹਿਲਾਂ ਆਂਵਲੇ ਦਾ ਸੇਵਨ ਕਰਨ ਨਾਲ ਪਾਚਨ-ਤੰਤਰ ਸਹੀ ਰਹਿੰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਉਮਰ ਦੇ ਪਿਛਲੇ ਪੜਾਅ ਤੱਕ ਵਾਲ ਕਾਲੇ ਰਹਿੰਦੇ ਹਨ। ਇਸਦੇ ਨਾਲ-ਨਾਲ ਵਾਲ ਮਜ਼ਬੂਤ ਅਤੇ ਲੰਬੇ ਵੀ ਹੋ ਜਾਂਦੇ ਹਨ। ਆਂਵਲੇ ਵਿੱਚ ਐਂਟੀਔਕਸੀਡੈਂਟ ਤੱਥਾਂ ਦੀ ਮਾਤਰਾ ਬਹੁਤ ਹੁੰਦੀ ਹੈ ਜੋ ਕਿ ਗੁਰਦਿਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਰੋਜ਼ ਆਂਵਲਾ ਖਾਣ ਨਾਲ ਦਿਲ ਦੇ ਰੋਗ, ਮੋਟਾਪਾ ਦੂਰ ਹੋ ਜਾਂਦਾ ਹੈ ਅਤੇ ਚਿਹਰੇ ਤੇ ਬ-ਕਮਾਲ ਚਮਕ ਆਉਂਦੀ ਹੈ। ਸਰੀਰ ਦੀ ਥਕਾਵਟ, ਕਮਜ਼ੋਰੀ ਅਤੇ ਜੋੜਾਂ ਦਾ ਦਰਦ ਖ਼ਤਮ ਹੋ ਜਾਂਦਾ ਹੈ।
ਕੈਂਸਰ ਦੀ ਬਿਮਾਰੀ ਹੁਣ ਬੇਇਲਾਜ ਤਾਂ ਨਹੀਂ ਪਰ ਇਸ ਦਾ ਇਲਾਜ ਕਰਾਉਣਾ ਹੀ ਆਮ ਇਨਸਾਨ ਨੂੰ ਉਸ ਦੀ ਨਾਨੀ ਯਾਦ ਕਰਵਾ ਸਕਦਾ ਹੈ। ਤਾਂ ਇਸ ਸਮੇਂ ਇਹੀ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਇਲਾਜ ਨਾਲੋਂ ਪਰਹੇਜ ਚੰਗਾ। ਆਂਵਲੇ ਚ ਮੌਜੂਦ ਐਂਟੀਔਕਸੀਡੈਂਟ ਕਾਰਸੀਨੋਜੈਨਿਕ ਸੈੱਲ ਸਰੀਰ ਵਿੱਚ ਪੈਦਾ ਹੋਣ ਤੋਂ ਰੋਕਦੇ ਹਨ ਜੋ ਕਿ ਕੈਂਸਰ ਬਿਮਾਰੀ ਹੋਣ ਲਈ ਜਿੰਮੇਵਾਰ ਹੁੰਦੇ ਹਨ। ਆਂਵਲਾ ਵਿਟਾਮਿਨ ਸੀ ਦੀ ਪੂਰਤੀ ਲਈ ਵੀ ਵਧੇਰੇ ਗੁਣਕਾਰੀ ਹੈ। ਵਿਟਾਮਿਨ ਸੀ ਗ੍ਰਹਿਣ ਕਰਨ ਦੇ ਹੋਰ ਵੀ ਕਈ ਸ੍ਰੋਤ ਹਨ ਜਿਵੇਂ ਕਿ ਨਿੰਬੂ, ਸੰਤਰਾ ਜਿਨ੍ਹਾਂ ਦੀ ਮਾਤਰਾ ਧੁੱਪ ਦੇ ਸੰਪਰਕ ਵਿੱਚ ਆਉਣ ਨਾਲ ਘੱਟ ਜਾਂਦੀ ਹੈ ਪਰ ਆਂਵਲੇ ਦੀ ਮਾਤਰਾ ਕਾਫ਼ੀ ਹੱਦ ਤੱਕ ਸਥਿਰ ਰਹਿੰਦੀ ਹੈ। ਇਸ ਲਈ ਸਿਹਤਮੰਦ ਜ਼ਿੰਦਗੀ ਜਿਊਣ ਲਈ ਸਾਨੂੰ ਰੋਜ਼ਾਨਾ ਇੱਕ ਆਂਵਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਭਾਵੇਂ ਉਹ ਕੱਚਾ ਹੋਵੇ, ਮੁਰੱਬਾ ਜਾਂ ਫ਼ਿਰ ਜੂਸ ਦੇ ਰੂਪ ਵਿੱਚ ਹੋਵੇ।