ਕਪੂਰਥਲਾ, 9 ਜੂਨ 2026 : ਪੰਜਾਬ ਦੇ ਕਪੂਰਥਲਾ ਜਿਲ੍ਹੇ (Kapurthala district) ਦੇ ਇੱਕ ਨੌਜਵਾਨ ਦਾ ਜਰਮਨੀ ਵਿੱਚ ਕੁੱਝ ਨੌਜਵਾਨਾਂ ਵਲੋਂ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਕਪੂਰਥਲਾ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਦਾ ਜਰਮਨੀ (Germany) ਵਿਚ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਰਾਮਗੜ੍ਹ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ (Rajwinder Singh) (30) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਰਾਜਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਜਰਮਨੀ ਵਿੱਚ ਰਹਿ ਰਿਹਾ ਸੀ ਤੇ ਮੰਦਰ ਦੇ ਵਿਵਾਦ ਨੂੰ ਸੁਲਝਾਉਣ ਦੀ ਕੋਸਿ਼ਸ਼ ਕਰਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਬਾਅਦ ਵਿਚ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।
ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ
ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਬਿਹਤਰ ਭਵਿੱਖ ਲਈ ਜਰਮਨੀ ਗਿਆ ਸੀ ਅਤੇ ਬਾਅਦ ਵਿੱਚ ਨਾਗਰਿਕ ਬਣ ਗਿਆ। ਦੋ ਦਿਨ ਪਹਿਲਾਂ, ਉਸਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਜਰਮਨੀ ਦੇ ਇੱਕ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਹਰਿਆਣਾ ਦੇ ਕੁਝ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਹੈ ।
ਪਰਿਵਾਰ ਨੇ ਲਗਾਇਆ ਹਰਿਆਣਵੀ ਨੌਜਵਾਨਾਂ ‘ਤੇ ਹਮਲਾ ਕਰਨ ਦਾ ਦੋਸ਼
ਪਰਿਵਾਰਕ ਮੈਂਬਰਾਂ ਅਨੁਸਾਰ ਰਾਜਵਿੰਦਰ ਸਿੰਘ ਵਿਚੋਲਗੀ ਕਰਨ ਅਤੇ ਵਿਵਾਦ ਨੂੰ ਸੁਲਝਾਉਣ ਲਈ ਮੌਕੇ ‘ਤੇ ਪਹੁੰਚੇ । ਦੋਸ਼ ਹੈ ਕਿ ਹਰਿਆਣਾ ਦੇ ਚਾਰ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ । ਹਮਲੇ ਵਿੱਚ ਰਾਜਵਿੰਦਰ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ । ਜ਼ਖਮੀ ਰਾਜਵਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ ।









