ਪੰਜਾਬ ਰਾਜ ਐਸ. ਸੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਨਵੀਂ ਜਿ਼ਲ੍ਹਾ ਜੇਲ੍ਹ ਨਾਭਾ ਦਾ ਦੌਰਾ

0
27
Chairman

ਨਾਭਾ, 11 ਮਈ 2026 : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (Punjab State Scheduled Castes Commission) ਦੇ ਚੇਅਰਮੈਨ ਵਲੋਂ ਅੱਜ ਨਵੀਂ ਜਿ਼ਲ੍ਹਾ ਜੇਲ੍ਹ ਨਾਭਾ ਦਾ ਦੌਰਾ ਕੀਤਾ ਅਤੇ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ ।

ਚੇਅਰਮੈਨ ਨੇ ਦੌਰੇ ਮੌਕੇ ਕੀਤੀ ਜੇਲ ਵਿਚ ਬੰਦੀਆਂ ਨਾਲ ਗੱਲਬਾਤ

ਦੌਰੇ ਦੌਰਾਨ ਚੇਅਰਮੈਨ ਗੜ੍ਹੀ ਨੇ ਜੇਲ੍ਹ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਜੇਲ੍ਹ ਵਿੱਚ ਬੰਦੀਆਂ ਨਾਲ ਗੱਲਬਾਤ ਕੀਤੀ ਤਾਂ ਜੋ ਉਨ੍ਹਾਂ ਦੇ ਰਹਿਣ-ਸਹਿਣ ਦੀਆਂ ਸਥਿਤੀਆਂ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾ ਸਕਣ । ਉਨ੍ਹਾਂ ਨੇ ਕੈਦੀਆਂ ਨੂੰ ਦਿੱਤੇ ਜਾ ਰਹੇ ਭੋਜਨ ਪ੍ਰਬੰਧਾਂ, ਸਿਹਤ ਸੰਭਾਲ ਸੇਵਾਵਾਂ, ਸਫਾਈ ਅਤੇ ਹੋਰ ਭਲਾਈ ਉਪਾਵਾਂ ਦਾ ਵੀ ਜਾਇਜ਼ਾ ਲਿਆ ।

ਕੀ ਦੱਸਿਆ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਮੌਕੇ

ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ (Chairman Jasvir Singh Garhi) ਨੇ ਦੱਸਿਆ ਕਿ ਜੇਲ੍ਹਾਂ ਵਿੱਚ ਬੰਦੀਆਂ ਦੇ ਸੁਧਾਰ ਲਈ ਸਾਜਗਾਰ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਉਹ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਨਗੇ ਅਤੇ ਇਸ ਦੀ ਸ਼ੁਰੂਆਤ ਨਾਭਾ ਦੀ ਇਸ ਨਵੀਂ ਜਿਲ੍ਹਾ ਜੇਲ੍ਹ ਤੋਂ ਕੀਤੀ ਗਈ ਹੈ । ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਤੋਂ ਜੇਲ੍ਹ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।

ਕੈਦੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵਗਾ : ਗੜ੍ਹੀ

ਆਪਣੇ ਦੌਰੇ ਮੌਕੇ ਚੇਅਰਮੈਨ ਗੜ੍ਹੀ ਨੇ ਜੇਲ੍ਹ ਅਧਿਕਾਰੀਆਂ (Prison officials) ਨੂੰ ਹਦਾਇਤ ਕੀਤੀ ਕਿ ਉਹ ਜੇਲ੍ਹ ਮੈਨੂਅਲ ਦੇ ਉਪਬੰਧਾਂ ਅਨੁਸਾਰ ਕੈਦੀਆਂ ਨੂੰ ਸਾਰੀਆਂ ਸਹੂਲਤਾਂ ਅਤੇ ਕਾਨੂੰਨੀ ਅਧਿਕਾਰ ਪ੍ਰਦਾਨ ਕੀਤੇ ਜਾਣੇ ਯਕੀਨੀ ਬਣਾਉਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਦੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰੇਕ ਕੈਦੀ ਦੇ ਮਾਣ ਅਤੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ।

ਨਾਭਾ ਜੇਲ ਸੁਪਰਡੈਂਟ ਨੇ ਕਰਵਾਇਆ ਗਤੀਵਿਧੀਆਂ ਸਬੰਧੀ ਜਾਣੂ

ਜੇਲ੍ਹ ਸੁਪਰਡੈਂਟ ਕਾਹਲੋਂ ਨੇ ਚੇਅਰਮੈਨ ਗੜ੍ਹੀ ਨੂੰ ਜੇਲ੍ਹ ਦੇ ਕੰਮਕਾਜ ਅਤੇ ਕੈਦੀਆਂ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਸੁਧਾਰਾਤਮਕ ਅਤੇ ਭਲਾਈ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ । ਇਸ ‘ਤੇ ਚੇਅਰਮੈਨ ਨੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕਿਸੇ ਵੀ ਕਾਰਨ ਕਰਕੇ ਗਲਤੀ ਕੀਤੀ ਹੈ ਤਾਂ ਉਸ ਨੂੰ ਸੁਧਾਰਨ ਲਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਣਦੇ ਹੱਕ ਮਿਲਦੇ ਰਹਿਣੇ ਚਾਹੀਦੇ ਹਨ । ਇਸ ਮੌਕੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰਪ੍ਰੀਤ ਸਿੰਘ ਰਾਏ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਜਸਵੀਰ ਕੌਰ, ਤਹਿਸੀਲ ਭਲਾਈ ਅਫ਼ਸਰ ਇਨਾਇਤ ਵਾਲੀਆ ਅਤੇ ਤਹਿਸੀਲਦਾਰ ਬਲਜੀਤ ਸਿੰਘ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here