ਯੂਪੀ: ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਕਈ ਕਦਮ ਉਠਾਏ ਜਾ ਰਹੇ ਹਨ।ਇਸੇ ਕਾਰਨ ਕਰਫ਼ਿਊ ਵੀ ਲਗਾਇਆ ਗਿਆ।ਪਰ ਕੋਰੋਨਾ ਕਰਫਿਊ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤੇ 17 ਸਾਲਾ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਕੀਤੀ ਗਈ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਲਖਨਊ ਰੋਡ ਜਾਮ ਕਰ ਦਿੱਤਾ। ਪਰਿਵਾਰ ਨੇ ਸੰਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ, ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਉਧਰ ਪੁਲਿਸ ਨੇ ਫੌਰੀ ਹਰਕਤ ਵਿੱਚ ਆਉਂਦਿਆਂ ਕਾਂਸਟੇਬਲ ਨੂੰ ਮੁਅੱਤਲ ਤੇ ਹੋਮਗਾਰਡ ਜਵਾਨ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਘਟਨਾ ਭਾਤਪੁਰੀ ਮੁਹੱਲੇ ਦੇ ਬਾਂਗਰਾਮਾਓ ਖੇਤਰ ਦੀ ਹੈ। ਪੀੜਤ ਨੌਜਵਾਨ ਆਪਣੇ ਘਰ ਦੇ ਬਾਹਰ ਸਬਜ਼ੀ ਵੇਚ ਰਿਹਾ ਸੀ, ਜਦੋਂ ਪੁਲਿਸ ਕਾਂਸਟੇਬਲ ਨੇ ਕਥਿਤ ਕਰੋਨਾ ਕਰਫਿਊ ਦੀ ਉਲੰਘਣਾ ਦੇ ਦੋਸ਼ ’ਚ ਉਸ ਨੂੰ ਫੜ੍ਹ ਲਿਆ। ਮਗਰੋਂ ਥਾਣੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਹਾਲਤ ਵਿਗੜਨ ’ਤੇ ਉਸ ਨੂੰ ਕਮਿਊਨਿਟੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।