ਰੱਖਿਆ ਖੇਤਰ ਦੀ ਹੋਰ ਜ਼ਿਆਦਾ ਮਜ਼ਬੂਤੀ ਲਈ ਕੇਂਦਰ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸ ਲਈ ਸੁਰੱਖਿਆ ਕੈਬਨਿਟ ਕਮੇਟੀ ਨੇ 11,000 ਕਰੋੜ ਦੇ ਰੱਖਿਆ ਸੰਬੰਧੀ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤੀ ਹਵਾਈ ਫੌਜ ਨੂੰ 6 ‘ਆਈ ਇਨ ਦਿ ਸਕਾਈ’ ਜਹਾਜ਼ ਦੀ ਖਰੀਦ ਨੂੰ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਨੂੰ ਅਕਾਸ਼ ਵਿੱਚ ਭਾਰਤ ਦੀ ਅੱਖ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਡੀ.ਆਰ.ਡੀ.ਓ. ਦੁਆਰਾ ਬਣਾਏ ਜਾ ਰਹੇ ਇਸ ਰਡਾਰ ਨੂੰ ਏਅਰ ਇੰਡੀਆ ਦੇ ਏ-321 ਵਿੱਚ ਫਿੱਟ ਕੀਤਾ ਜਾਵੇਗਾ।
ਡੀ.ਆਰ.ਡੀ.ਓ. ਦੁਆਰਾ ਬਣਾਇਆ ਜਾਣ ਵਾਲਾ ਇਹ ਰਡਾਰ ਮੌਜੂਦਾ AESA ਰਡਾਰ ਦਾ ਆਧੁਨਿਕ ਵਰਜ਼ਨ ਹੋਵੇਗਾ, ਜੋ ਆਈ.ਏ.ਐੱਫ. ਦੁਆਰਾ ਪਹਿਲਾਂ ਤੋਂ ਤਾਇਨਾਤ ਦੋ ਨੇਤਰਾ ਹਵਾਈ ਚਿਤਾਵਨੀ ਜਹਾਜ਼ਾਂ ਵਿੱਚ ਸਥਾਪਤ ਕੀਤਾ ਗਿਆ ਹੈ। ਭਾਰਤੀ ਹਵਾਈ ਫੌਜ ਰੂਸ ਤੋਂ ਖਰੀਦੇ ਗਏ 3 ਵੱਡੇ A-50 EI ਜਹਾਜ਼ਾਂ ਨੂੰ ਵੀ ਸੰਚਾਲਿਤ ਕਰਦੀ ਹੈ, ਜੋ ਇਜ਼ਰਾਇਲੀ EL/W-2090 ਫਾਲਕਨ ਰਡਾਰ ਸਿਸਟਮ ਨਾਲ ਲੈਸ ਹੈ।
A-321 ਜਹਾਜ਼ ਵਿੱਚ ਲਗਾਉਣ ਲਈ ਜੋ ਆਧੁਨਿਕ ਰਡਾਰ ਭਾਰਤੀ ਹਵਾਈ ਫੌਜ ਨੂੰ ਦਿੱਤੇ ਜਾਣਗੇ, ਇਹ ਜਹਾਜ਼ ਦੇ ਚਾਰਾਂ ਪਾਸੇ ਸੈਂਕੜਿਆਂ ਕਿਲੋਮੀਟਰ ਦੇ ਹਵਾਈ ਖੇਤਰ ਵਿੱਚ 360 ਡਿਗਰੀ ਕਵਰੇਜ ਯਕੀਨੀ ਕਰਨਗੇ। ਇਹ ਰਡਾਰ ਆਈ.ਏ.ਐੱਫ. ਦੇ ਮੌਜੂਦਾ ਨੇਤਰ ਜੈੱਟ ਦੀ ਸਮਰੱਥਾ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ।