ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਦੀ ਛੱਤ ‘ਤੇ ਇੱਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ 2 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਦੇ ਬਾਅਦ ਉਸ ਨੂੰ ਬਚਾ ਲਿਆ। ਬੀਤੀ ਰਾਤ ਲਗਭਗ 9 ਵਜੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਟ੍ਰਿਲੀਅਮ ਮਾਲ ਦੀ ਛੱਤ ‘ਤੇ ਇਕ ਕੁੜੀ ਚੜ੍ਹ ਗਈ ਹੈ ਤੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਮਿੰਟਾਂ ਵਿਚ ਹੀ ਪੁਲਿਸ ਦੀ ਟੀਮ ਟ੍ਰਿਲੀਅਮ ਮਾਲ ਪਹੁੰਚ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਲੋਕ ਇਕੱਠੇ ਹੋ ਗਏ ਤੇ ਕੁੜੀ ਨੂੰ ਅਜਿਹਾ ਕਰਨ ਤੋਂ ਰੋਕਣ ਲੱਗੇ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦੋ ਦਿਨਾਂ ਲਈ ਮੁੰਬਈ ਦੌਰੇ ’ਤੇ

ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚਦੇ ਹੀ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਲੜਕੀ ਨੂੰ ਸਹੀ ਸਲਾਮਤ ਉਤਾਰਨ ਦੀ ਕੋਸ਼ਿਸ਼ ਵਿਚ ਪੁਲਿਸ ਟੀਮ ਦੇ ਕੁਝ ਜਵਾਨ ਹੇਠਾਂ ਤੇ ਕੁਝ ਛੱਤ ਵੱਲ ਗਏ। ਕੁੜੀ ਦੀ ਸੁਰੱਖਿਆ ਲਈ ਹੇਠਾਂ ਜਾਲ ਵੀ ਲਗਾਇਆ ਗਿਆ। ਕੁੜੀ ਨੂੰ ਗੱਲਾਂ ਵਿਚ ਉੁਲਝਾਇਆ ਗਿਆ ਤੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ: ਕੁਲਦੀਪ ਚਾਹਲ ਹੋਣਗੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ

ਲੜਕੀ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚੇ ਤੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕੁੜੀ ਨਹੀਂ ਮੰਨੀ ਤਾਂ ਪੁਲਿਸ ਨੇ ਉਸ ਨੂੰ ਗੱਲਾਂ ਵਿਚ ਉਲਝਾ ਦਿੱਤਾ। ਜਿਵੇਂ ਹੀ ਕੁੜੀ ਦਾ ਧਿਆਨ ਹੇਠਾਂ ਵੱਲ ਗਿਆ, ਛੱਤ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਉਸ ਨੂੰ ਉਪਰ ਵੱਲ ਖਿੱਚ ਲਿਆ।

ਜਾਂਚ ਵਿਚ ਪਤਾ ਲੱਗਾ ਕਿ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਕੁੜੀ ਨੇ ਇਹ ਕਦਮ ਚੁੱਕ ਲਿਆ। ਉਹ ਟ੍ਰਿਲੀਅਮ ਮਾਲ ਦੇ ਫੂਡ ਕੋਰਟ ਦੇ ਬਾਹਰ ਬਣੇ ਓਪਨ ਏਰੀਆ ਤੋਂ ਹੇਠਾਂ ਛਾਲ ਮਾਰਨ ਲਈ ਚੜ੍ਹ ਗਈ ਪਰ ਪੁਲਿਸ ਪਾਰਟੀ ਨੇ ਸਹੀ ਸਮੇਂ ‘ਤੇ ਪਹੁੰਚ ਕੇ ਉਸ ਨੂੰ ਬਚਾ ਲਿਆ।