ਰਾਜਸਥਾਨ ਦੇ ਅਜਮੇਰ ’ਚ ਸਿੰਧੀ ਭਾਈਚਾਰੇ ਨੇ ਆਪਣੇ ਮੰਦਰਾਂ ਤੇ ਧਾਰਮਿਕ ਆਸ਼ਰਮਾਂ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਪੂਰੇ ਸਨਮਾਨ ਨਾਲ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ। ਹਾਲਾਂਕਿ ਸਿੱਖ ਭਾਈਚਾਰੇ ਵੱਲੋਂ ਗੁਰੂ ਗ੍ਰੰਥ ਸਾਹਿਬ ਵਾਪਸ ਕਰਨ ਲਈ ਨਹੀਂ ਕਿਹਾ ਗਿਆ ਸੀ, ਪਰ ਬੀਤੇ ਦਿਨੀਂ ਇੰਦੌਰ ’ਚ ਹੋਈ ਘਟਨਾ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਫ਼ੈਸਲਾ ਸਰਬ ਸੰਮਤੀ ਨਾਲ ਲਿਆ ਗਿਆ।

ਜਾਣਕਾਰੀ ਮੁਤਾਬਕ ਪੰਜਾਬ ਦੇ ਇਕ ਨਿਹੰਗ ਦਲ ਨੇ ਇੰਦੌਰ ਦੇ ਸਿੰਧੀ ਸਨਾਤਨ ਮੰਦਰ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਨਾਲ ਰੱਖਣ ਦੀ ਗੱਲ ਕਹੀ ਸੀ। ਦਲ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ’ਚ ਹੀ ਰੱਖੇ ਜਾਣ। ਜੇਕਰ ਕਿਸੇ ਹੋਰ ਧਾਰਮਿਕ ਸਥਾਨ ’ਤੇ ਰੱਖੇ ਜਾਂਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਵਾਲੇ ਸਥਾਨ ’ਤੇ ਹੋਰ ਕਿਸੇ ਦੀ ਮੂਰਤੀ ਜਾਂ ਤਸਵੀਰ ਨਾ ਹੋਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮਰਿਆਦਾ ਦਾ ਪਾਲਣ ਨਹੀਂ ਹੁੰਦਾ ਤਾਂ ਸਿੰਧੀ ਭਾਈਚਾਰੇ ਨੂੰ ਪਵਿੱਤਰ ਗ੍ਰੰਥ ਵਾਪਸ ਕਰ ਦੇਣੇ ਚਾਹੀਦੇ ਹਨ। ਇੰਦੌਰ ਵਰਗਾ ਕੋਈ ਵਿਵਾਦ ਨਾ ਹੋਵੇ, ਇਸ ਲਈ ਅਜਮੇਰ ਦੇ ਈਸ਼ਵਰ ਮਨੋਹਰ ਉਦਾਸੀਨ ਧਾਮ ਦੀ ਪਹਿਲ ’ਤੇ ਸਿੰਧੀ ਮੰਦਰਾਂ ’ਚ ਰੱਖੇ ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਸਨਮਾਨ ਸਹਿਤ ਵਾਪਸ ਕਰ ਦਿੱਤੇ ਗਏ ਹਨ।

ਅਜਮੇਰ ਦੇ ਸਿੰਧੀ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਾਡੇ ਮੰਦਰਾਂ ’ਚ ਪੂਰੇ ਸਨਮਾਨ ਨਾਲ ਪਵਿੱਤਰ ਗ੍ਰੰਥ ਰੱਖੇ ਜਾਂਦੇ ਹਨ। ਮੰਦਰਾਂ ’ਚ ਭਗਵਾਨ ਝੂਲੇ ਲਾਲ ਤੇ ਹੋਰ ਸੰਤਾਂ ਦੀਆਂ ਮੂਰਤੀਆਂ ਜਾਂ ਤਸਵੀਰਾਂ ਵੀ ਲੱਗੀਆਂ ਰਹਿੰਦੀਆਂ ਹਨ। ਇਸ ਹਾਲਤ ’ਚ ਕੋਈ ਵਿਵਾਦ ਨਾ ਹੋਵੇ, ਇਸ ਲਈ ਪਵਿੱਤਰ ਗ੍ਰੰਥ ਸਨਮਾਨ ਸਹਿਤ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਸਿੱਖ ਭਾਈਚਾਰੇ ਨਾਲ ਸਦਭਾਵਨਾ ਬਣੀ ਰਹੇ। ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਗ੍ਰਹਿਣ ਕਰਨ ਵਾਲੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਕਾਰ ਅਮਰਜੀਤ ਸਿੰਘ ਛਾਬੜਾ ਨੇ ਕਿਹਾ ਕਿ ਇਹ ਸਭ ਆਪਸੀ ਸਹਿਮਤੀ ਨਾਲ ਹੋਇਆ ਹੈ। ਇਸ ’ਚ ਕੋਈ ਵਿਵਾਦ ਨਹੀਂ ਹੈ।