ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਸੈਲਾਨੀ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 3 ਪੰਜਾਬੀਆਂ ਦੀ ਮੌਤ ਹੋ ਗਈ ਹੈ। ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ ‘ਤੇ ਪੰਜਾਬ ਨੰਬਰ ਦੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ਦੇ ਸਮੇਂ ਕਾਰ ‘ਚ ਕੁੱਲ 4 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਆਈਜੀਐਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਅੱਜ ਹੋਵੇਗੀ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਚੰਦੀਆ ਨੰਗਲ ਪੰਜਾਬ, ਅਮਰ ਪੁੱਤਰ ਜ਼ੈਲ ਸਿੰਘ ਨੰਗਲ ਪੰਜਾਬ ਅਤੇ ਰਾਜਵੀਰ ਪੁੱਤਰ ਇਤਵਾੜੀ, ਲੁਧਿਆਣਾ ਪੰਜਾਬ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਲਖਨ ਪੁੱਤਰ ਬਾਲਕ ਵਾਸੀ ਨੰਗਲ ਵਜੋਂ ਹੋਈ ਹੈ। ਇਹ ਹਾਦਸਾ ਸੋਮਵਾਰ ਰਾਤ 9 ਵਜੇ ਵਾਪਰਿਆ ਅਤੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਜ਼ਖਮੀ ਲਖਨ ਨੇ ਦੱਸਿਆ ਕਿ ਉਕਤ ਲੋਕ ਕਬਾੜ ਦਾ ਕੰਮ ਕਰਦੇ ਹਨ। ਸੋਮਵਾਰ ਨੂੰ ਜਦੋਂ ਉਹ ਸੋਲਨ ਵੱਲ ਜਾ ਰਿਹਾ ਸੀ ਤਾਂ ਮੇਹਲੀ ਬਾਈਪਾਸ ‘ਤੇ ਬਨੋਗ ਪਿੰਡ ‘ਚ ਉਸ ਦੀ ਕਾਰ 900 ਮੀਟਰ ਖੱਡ ‘ਚ ਡਿੱਗ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।