Microsoft ਨੇ ਵੀ ਛਾਂਟੀ ਦਾ ਐਲਾਨ ਕੀਤਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਨਵਰੀ 2023 ਦੇ ਸਿਰਫ ਇੱਕ ਹਫਤੇ ਵਿੱਚ ਦੁਨੀਆਂ ਭਰ ਦੇ 30,000 ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਗਈ ਹੈ। ਦਸੰਬਰ ਵਿੱਚ ਜਿੰਨੇ ਲੋਕਾਂ ਨੂੰ ਨੌਕਰੀ ਮਿਲੀ ਸੀ ਇਹ ਗਿਣਤੀ ਉਸ ਨਾਲੋਂ ਦੁੱਗਣੀ ਹੈ। ਲੇਆਫ ਟਰੈਕਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ ਦੇ ਪਹਿਲੇ ਛੇ ਦਿਨਾਂ ਵਿੱਚ 30 ਕੰਪਨੀਆਂ ਦੇ ਕੁੱਲ 30,611 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਐਮਾਜ਼ਾਨ ਤੋਂ ਇਲਾਵਾ, ਸੂਚੀ ਵਿੱਚ ਵੀਡੀਓ ਹੋਸਟਿੰਗ ਪਲੇਟਫਾਰਮ Vimeo, ਤਕਨੀਕੀ ਦਿੱਗਜ Salesforce, ਕ੍ਰਿਪਟੋ ਐਕਸਚੇਂਜ ਹੂਬੀ ਅਤੇ ਕਈ ਹੋਰ ਸ਼ਾਮਲ ਹਨ।

ਇਸ ਵਿੱਚ ਸਭ ਤੋਂ ਵੱਧ 18,000 ਕਰਮਚਾਰੀ Amazon ਦੇ ਹਨ। Meta ਨੇ ਇਕ ਵਾਰ ‘ਚ 11,000 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਸੀ ਇਹ ਅੰਕੜਾ ਉਸ ਨਾਲ ਜ਼ਿਆਦਾ ਹੈ।

ਦੁਨੀਆਂ ਭਰ ਵਿੱਚ ਵੱਡੀਆਂ ਟੇਕ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਛਾਂਟੀ ਕਰ ਰਹੀਆਂ ਹਨ। ਹੁਣ ਤੱਕ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀਆਂ ਹਨ। ਇਹ ਸਿਲਸਿਲਾ ਅਜੇ ਰੁਕਣ ਵਾਲਾ ਨਹੀਂ ਲਗ ਰਿਹਾ ਕਿਉਂਕਿ ਹੁਣ ਦੁਨੀਆਂ ਦੀ ਇੱਕ ਹੋਰ ਵੱਡੀ ਟੈਕਨੋਲੋਜੀ ਕੰਪਨੀ Microsoft ਨੇ ਵੀ ਛਾਂਟੀ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਸਟਾਫ ਦੇ 5% ਕਰਮਚਾਰੀਆਂ ਨੂੰ ਜੁਲਾਈ ਤੱਕ ਹਟਾ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਹਿਸਾਬ ਨਾਲ ਲਗਭਗ 11,000 ਲੋਕ ਪ੍ਰਭਾਵਿਤ ਹੋਣਗੇ।

ਇਹ ਰਿਪੋਰਟ ਯੂਕੇ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ । ਇਸ ਤੋਂ ਇਲਾਵਾ ਬਲੂਮਬਰਗ ਨੇ ਵੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਕੰਪਨੀ ਇੰਜੀਨੀਅਰਿੰਗ ਵਿਭਾਗਾਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੁਨੀਆਂ ਭਰ ਵਿੱਚ ਮੰਗ ਦੇ ਘੱਟ ਹੋਣ ਕਰਕੇ ਅਤੇ ਵਿਗੜਦੀ ਆਰਥਿਕਤਾ ਦੇ ਚਲਦੇ ਕੀਤਾ ਜਾ ਰਿਹਾ ਹੈ।

ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਸ ਤੋਂ ਪਹਿਲਾਂ ਵੀ Microsoft ਨੇ ਆਪਣੇ ਕਈ ਡਿਵੀਜ਼ਨਾਂ ਵਿੱਚ 1,000 ਦੇ ਲਗਭਗ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਕੰਪਨੀ ਨੇ ਕਿਹਾ ਸੀ ਕਿ ਜੁਲਾਈ ਵਿੱਚ ਕੰਪਨੀ ਥੋੜ੍ਹੇ ਰੋਲ ਖਤਮ ਕਰ ਦੇਵੇਗੀ।

ਜੇਕਰ ਕੰਪਨੀ ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਫਾਈਲਿੰਗ ਦੇ ਅਨੁਸਾਰ 30 ਜੂਨ 2022 ਤੱਕ ਕੰਪਨੀ ਦੇ ਫੁੱਲ-ਟਾਈਮ ਕਰਮਚਾਰੀਆਂ ਦੀ ਗਿਣਤੀ 221,000 ਸੀ ਜਿਹਨਾਂ ਵਿੱਚ 1,22,000 ਸਿਰਫ USA ਵਿੱਚ ਅਤੇ 99,000 ਅੰਤਰਰਾਸ਼ਟਰੀ ਕਰਮਚਾਰੀ ਸ਼ਾਮਿਲ ਹਨ।

ਰਾਇਟਰਜ਼ ਦੀ ਰਿਪੋਰਟ ਮੁਤਾਬਿਕ ਕੰਪਨੀ ਆਪਣੀ ਕਲਾਉਡ ਯੂਨਿਟ Azure ਨੂੰ ਲੈ ਕੇ ਦਬਾਅ ਹੇਠਾਂ ਹੈ ਅਤੇ ਨਿੱਜੀ ਕੰਪਿਊਟਰ ਮਾਰਕੀਟ ਵਿੱਚ ਕਈ ਮਹੀਨਿਆਂ ਦੀ ਗਿਰਾਵਟ ਦੇ ਬਾਅਦ ਵਿੰਡੋਜ਼ ਅਤੇ ਡਿਵਾਈਸਾਂ ਦੀ ਵਿਕਰੀ ਨੂੰ ਨੁਕਸਾਨ ਹੋਇਆ ਹੈ।