ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੇ ਨੇਤਾਵਾਂ ਨੂੰ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਬੀਜੇਪੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਿੰਗਲਾ ਨੂੰ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਧਮਕੀ ਮਿਲੀ ਹੈ। ਇਸ ਸਬੰਧੀ ਕੁਝ ਦੇਰ ਬਾਅਦ ਉਹ ਪ੍ਰੈੱਸ ਕਾਨਫਰੰਸ ਕਰਨਗੇ।

ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਨ੍ਹਾਂ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ ਤਾਂ ਪੂਰੀ ਤਿਆਰੀ ਨਾਲ ਜਾਣ। ਦੋਸ਼ੀ ਕੋਲ ਸਿੰਗਲਾ ਦੀ ਗੱਡੀ ਨੰਬਰ ਤੋਂ ਲੈ ਕੇ ਹੋਰ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪਹਿਲਾਂ ਤੋਂ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕਾਇਆ ਕਿ ਉਹ ਆਪਣੀ ਸਫੈਦ ਰੰਗ ਦੀ ਇਨੋਵਾ ਕ੍ਰੈਸਟਾ ਗੱਡੀ ਵਿਚ ਅੰਮ੍ਰਿਤਸਰ ਦੌਰਾਨ ਆਪਣੀ ਬਾਡੀਗਾਰਡ, ਗੰਨਮੈਨ ਤੇ ਡਰਾਈਵਰ ਨਾਲ ਪੂਰੀ ਤਿਆਰੀ ਕਰਕੇ ਜਾਣ। ਨਾਲ ਹੀ ਆਪਣੇ ਪਰਿਵਾਰ ਨੂੰ ਮਿਲ ਲੈਣ।

ਕਾਲਰ ਨੇ ਧਮਕੀ ਦਿੰਦੇ ਹੋਏ ਸਰੂਪ ਸਿੰਗਲਾ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਲਗਭਗ 20-25 ਦਿਨ ਪਹਿਲਾਂ ਵੀ ਸਮਝਾਇਆ ਸੀ। ਬਾਵਜੂਦ ਇਸ ਦੇ ਸਿੰਗਲਾ ਨੇ 14-15 ਜਨਵਰੀ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੇ ਚੱਕਰ ਵਿਚ ਪੰਗਾ ਲੈ ਲਿਆ।

ਕਾਲਰ ਦੇ ਧਮਕਾਉਣ ‘ਤੇ ਸਰੂਪ ਸਿੰਗਲਾ ਨੇ ਕਿਹਾ ਕਿ ਉੁਹ ਕੋਈ ਗਲਤ ਗੱਲ ਨਹੀਂ ਕਰਦੇ, ਗਲਤ ਕੰਮ ਨਹੀਂ ਕਰਦੇ। ਕਿਸੇ ਪਾਰਟੀ ਲਈ ਕੰਮ ਕਰਨਾ, ਉਹ ਤਾਂ ਹਿੰਦੂ ਤੇ ਸਿੱਖ ਵੀ ਕਰ ਰਹੇ ਹਨ ਪਰ ਕਾਲਰ ਨੇ ਕਿਹਾ ਕਿ ਉਹ ਕੋਈ ਗਲਤ ਕੰਮ ਕਰਦੇ ਹਨ ਜਾਂ ਨਹੀਂ ਪਰ ਅਸੀਂ ਕਾਫੀ ਗਲਤ ਕੰਮ ਕਰਦੇ ਹਾਂ।