ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਢੰਗਡੇਰੂ ਇਲਾਕੇ ਦੇ ਨੇੜੇ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਗੰਭੀਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਕਿਸ਼ਤਵਾੜ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਪੱਕਲਧੁਲ ਪਾਵਰ ਪ੍ਰੋਜੈਕਟ ਦੇ ਕਰਮਚਾਰੀ ਅਤੇ ਮਜ਼ਦੂਰ ਇੱਕ ਗੱਡੀ ਵਿੱਚ ਈਖਾਲਾ ਤੋਂ ਸਿਬਰਭੱਟੀ ਵੱਲ ਜਾ ਰਹੇ ਸਨ। ਇਸ ਦੌਰਾਨ ਸੜਕ ਦੇ ਵਿਚਕਾਰ ਢਾਂਗਾਡੇਰੂ ਨੇੜੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ‘ਚ 7 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ, ਜਦਕਿ ਬਾਕੀ ਚਾਰ ਦੀ ਪਛਾਣ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਸੁਦੇਸ਼ ਕੁਮਾਰ ਵਾਸੀ ਕਾਸਤੀਗੜ੍ਹ, ਡੋਡਾ, ਅਖਤਰ ਹੁਸੈਨ ਵਾਸੀ ਪਿੰਗਰਾੜੀ ਡਾਛਾਨ, ਅਬਦੁਲ ਰਸ਼ੀਦ ਵਾਸੀ ਬੁੰਜਵਾਰ, ਕਿਸ਼ਤਵਾੜ ਵਜੋਂ ਹੋਈ ਹੈ।

SSP ਕਿਸ਼ਤਵਾੜ ਖਲੀਲ ਪੋਸਵਾਲ ਨੇ ਦੱਸਿਆ ਕਿ ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਇਸ ਮੰਦਭਾਗੇ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਗੱਡੀ ਵਿੱਚ ਦਸ ਵਿਅਕਤੀ ਸਵਾਰ ਸਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਰਮਚਾਰੀਆਂ ਅਤੇ ਕੰਪਨੀ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ ਹੈ। ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਮਦਦ ਦੇਣ ਲਈ ਕਿਹਾ ਗਿਆ ਹੈ। ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਸਾਜ਼ਿਸਕਰਤਾ ਸੰਦੀਪ ਬਰੇਟਾ ਦੀ ਨਹੀਂ ਹੋਈ ਗ੍ਰਿਫਤਾਰੀ: ਪੰਜਾਬ ਪੁਲਿਸ

ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਸ਼ਤਵਾੜ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਕਿ ਉਨ੍ਹਾਂ ਨੇ ਕਿਸ਼ਤਵਾੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਹਾਦਸੇ ਬਾਰੇ ਜਾਣਕਾਰੀ ਲਈ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਕਿਹਾ, ‘ਢੰਗਡੇਰੂ ਡੈਮ ਨੇੜੇ ਹੋਏ ਮੰਦਭਾਗੇ ਸੜਕ ਹਾਦਸੇ ਬਾਰੇ ਹੁਣੇ ਹੀ ਡੀਸੀ ਕਿਸ਼ਤਵਾੜ ਡਾ. ਦੇਵਾਂਸ਼ ਯਾਦਵ ਨਾਲ ਗੱਲ ਕੀਤੀ ਹੈ। ਇਸ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਜ਼ਖਮੀ ਹੈ। ਜ਼ਖ਼ਮੀਆਂ ਨੂੰ ਲੋੜ ਅਨੁਸਾਰ ਜ਼ਿਲ੍ਹਾ ਹਸਪਤਾਲ ਕਿਸ਼ਤਵਾੜ ਜਾਂ GMC ਡੋਡਾ ਵਿੱਚ ਭੇਜਿਆ ਜਾ ਰਿਹਾ ਹੈ। ਲੋੜ ਅਨੁਸਾਰ ਹਰ ਸੰਭਵ ਮਦਦ ਕੀਤੀ ਜਾਵੇਗੀ।