ਲੁਧਿਆਣਾ ‘ਚ ਇੱਕ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਪਿੰਡ ਚੌਂਤਾ ਵਿਚ ਸਰਕਾਰੀ ਸਕੂਲ ਦੇ ਬਾਹਰ ਨਸ਼ੇੜੀ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ ਸਕੂਲ ਦੇ ਗੇਟ ਕੋਲੋਂ ਹੱਥ ‘ਤੇ ਸਰਿੰਜ ਲੱਗੀ ਹੋਈ ਮਿਲੀ। ਸਵੇਰੇ ਸੈਰ ਕਰਨ ਜਾ ਰਹੇ ਲੋਕਾਂ ਨੇ ਉਸ ਦੀ ਲਾਸ਼ ਉੱਥੇ ਪਈ ਦੇਖੀ ਤੇ ਪੁਲਿਸ ਨੂੰ ਸੂਚਨਾ ਦਿੱਤੀ। ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ‘ਚ ਸੋਗ ਪਾਇਆ ਜਾ ਰਿਹਾ ਹੈ। ਲੋਕਾਂ ਨੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਮਾਜ ਸੇਵੀ ਦਿਆਲ ਸਿੰਘ ਮੰਡ ਨੇ ਦੱਸਿਆ ਕਿ ਪਿੰਡ ਦੀਸ਼ਾ ਦਾ 30 ਸਾਲਾ ਨੌਜਵਾਨ ਪਿਛਲੇ ਇਕ ਸਾਲ ਤੋਂ ਨਸ਼ੇ ਦਾ ਆਦੀ ਸੀ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਪਿਤਾ ਵੀ ਮਜ਼ਦੂਰ ਹੈ ਤੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਉਸ ਦਾ ਕਈ ਵਾਰ ਇਲਾਜ ਕਰਵਾ ਰਿਹਾ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਹ ਰਾਤ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਤੇ ਸਵੇਰੇ ਉਸ ਦੀ ਲਾਸ਼ ਸਕੂਲ ਦੇ ਬਾਹਰ ਮਿਲੀ। ਸਵੇਰੇ 6 ਵਜੇ ਦੇ ਕਰੀਬ ਲੋਕ ਆਪਣੇ ਘਰੋਂ ਕੰਮ ਲਈ ਨਿਕਲੇ ਤਾਂ ਉਸ ਦੀ ਲਾਸ਼ ਗੇਟ ‘ਤੇ ਪਈ ਦੇਖੀ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਲਾਸ਼ ਨੂੰ ਉਥੋਂ ਚੁੱਕ ਕੇ ਮੰਜੇ ‘ਤੇ ਰੱਖ ਦਿੱਤਾ। ਇਸ ‘ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ।