ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2023-24 ਲਈ ਅੱਠਵੀਂ ਜਮਾਤ ਦਾ ਗਣਿਤ ਤੇ ਸਾਇੰਸ ਵਿਸ਼ੇ ਦੇ ਪਾਠਕ੍ਰਮ/ਪਾਠ-ਪੁਸਤਕਾਂ ਬਦਲ ਦਿੱਤੇ ਹਨ। ਨਵੇਂ ਅਕਾਦਮਿਕ ਵਰ੍ਹੇ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਨਵੀਆਂ ਪਾਠ-ਪੁਸਤਕਾਂ ਜਦੋਂ ਕਿ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀ ਗਣਿਤ ਅਤੇ ਸਾਇੰਸ ਦਾ 20 ਤੋਂ 25 ਫ਼ੀਸਦੀ ਕਟੌਤੀ ਵਾਲਾ ਪਾਠਕ੍ਰਮ ਪੜ੍ਹਨਗੇ।
ਨਵੇਂ ਅਕਾਦਮਿਕ ਸਾਲ ਲਈ ਇਸ ਹੁਣ ਪ੍ਰਕਾਸ਼ਿਤ ਹੋ ਰਹੀਆਂ ਸਾਇੰਸ ਅਤੇ ਗਣਿਤ ਦੀਆਂ ਪਾਠ-ਪੁਸਤਕਾਂ ‘ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟ੍ਰੇਨਿੰਗ’ ਵੱਲੋਂ ਜਾਰੀ ਪੈਟਰਨ ਅਨੁਸਾਰ ਬੋਰਡ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਮਾਧਿਅਮ ’ਚ ਆਪ ਤਿਆਰ ਕਰਵਾਈਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਨਿੱਜੀ ਤੇ ਸਰਕਾਰੀ ਸਕੂਲ ਐੱਨਸੀਈਆਰਟੀ ਦਾ ਗਣਿਤ ਤੇ ਸਾਇੰਸ ਪੜ੍ਹਾਉਂਦੇ ਰਹੇ ਹਨ ਪਰ ਨਵੇਂ ਅਕਾਦਮਿਕ ਵਰ੍ਹੇ ਤੋਂ ਇਹ ਰੀਤ ਬਦਲ ਜਾਵੇਗੀ। ਪਤਾ ਚੱਲਿਆ ਹੈ ਕਿ ਵਿਦਿਆਰਥੀਆਂ ’ਤੇ ਵੱਧ ਰਹੇ ਦਬਾਅ ਨੂੰ ਭਾਂਪਦਿਆਂ ਐੱਨਸੀਈਆਰਟੀ ਨੇ ਦੇਸ਼ ਭਰ ’ਚ ਸਾਇੰਸ ਤੇ ਗਣਿਤ ਦੇ ਸਿਲੇਬਸ ਦਾ ਇਕ-ਚੌਥਾਈ ਦੇ ਲਗਭਗ ਹਿੱਸਾ ਘਟਾਇਆ ਹੈ।
ਸਿੱਖਿਆ ਬੋਰਡ ਅਕਾਦਮਿਕ ਸਾਲ 2023-24 ਲਈ ਕਰੀਬ ਸਵਾ ਦੋ ਕਰੋੜ ਕਿਤਾਬਾਂ ਦੀ ਛਪਾਈ ਕਰਵਾ ਰਿਹਾ ਹੈ ਜਿਨ੍ਹਾਂ ’ਚੋਂ 55 ਟਾਈਟਲ ਨਵੀੰਆਂ ਕਿਤਾਬਾਂ ਹਨ। ਕਰੀਬ ਤਿੰਨ ਸਾਲ ਪਹਿਲਾਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਲਾਗੂ ਹੋਈ ‘ਸਵਾਗਤ ਜ਼ਿੰਦਗੀ’ ਪਾਠ-ਪੁਸਤਕ ਨਵੇਂ ਅਕਾਦਮਿਕ ਸਾਲ ਤੋਂ ਵਿਦਿਆਰਥੀਆਂ ਲਈ ਅੰਗਰੇਜ਼ੀ, ਪੰਜਾਬੀ ਤੋਂ ਇਲਾਵਾ ਹਿੰਦੀ ਮਾਧਿਅਮ ’ਚ ਵੀ ਪ੍ਰਕਾਸ਼ਿਤ/ਮੁਹੱਈਆ ਹੋਵੇਗੀ। ਪਿਛਲੇ ਤਿੰਨ ਸਾਲਾਂ ਦੌਰਾਨ ਇਹ ਪਾਠ-ਪੁਸਤਕ ਹਿੰਦੀ ਮਾਧਿਅਮ ’ਚ ਨਹੀੰ ਛਾਪੀ ਗਈ ਸੀ। ਇਹ ਵੀ ਪਤਾ ਚੱਲਿਆ ਹੈ ਚਾਲੂ ਅਕਾਦਮਿਕ ਸਾਲ ’ਚ ਕਿਤਾਬਾਂ ਦੀ ਛਪਾਈ ’ਚ ਦੇਰੀ ਨੂੰ ਦੂਰ ਕਰਨ ਲਈ ਇਸ ਸਾਲ ਤੋਂ ਪੂਰੀ ਸਪੀਡ ਨਾਲ ਕੰਮ ਹੋ ਰਿਹਾ ਹੈ।
ਪਾਠ-ਪੁਸਤਕਾਂ ਦੀ ਛਪਾਈ ਲਈ ਦੇਸ਼ ਭਰ ’ਚੋਂ 40 ਪ੍ਰਕਾਸ਼ਕਾਂ ਨੂੰ ਟੈਂਡਰ ਦਿੱਤੇ ਗਏ ਹਨ। ਇਨ੍ਹਾਂ ’ਚ ਜਲੰਧਰ ਦੇ 20 ਪ੍ਰਕਾਸ਼ਕ ਸ਼ਾਮਲ ਹਨ। 210 ਕੁੱਲ ਟਾਈਟਲਾਂ ਦੀਆਂ ਪੁਸਤਕਾਂ ’ਚ 155 ਟਾਈਟਲ ਦੁਬਾਰਾ ਪ੍ਰਿੰਟ ਹੋਣੇ ਹਨ ਤੇ ਇਨ੍ਹਾਂ ਸਾਰਿਆਂ ਦੀ ਛਪਾਈ ਵਾਸਤੇ 85 ਕਰੋੜ ਰੁਪਏ ਤੋਂ ਵਧੇਰੇ ਖ਼ਰਚਾ ਆਉਣਾ ਹੈ। ਬੋਰਡ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਨ੍ਹਾਂ ਪੁਸਤਕਾਂ ’ਚੋਂ ਕਰੀਬ ਅੱਧੀਆਂ ‘ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟਗਿਣਤੀਆਂ ਬਾਰੇ ਵਿਭਾਗ’ ਤੇ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਨੂੰ ਦੇਵੇਗਾ ਜਦੋਂ ਕਿ ਰਹਿੰਦੀਆਂ ਪਾਠ-ਪੁਸਤਕਾਂ ਬੋਰਡ ਨਾਲ ਐਫ਼ੀਲੀਏਟਿਡ/ਐਸੋਸੀਏਟਿਡ ਤੇ ਹੋਰ ਨਿੱਜੀ ਸਕੂਲਾਂ ਨੂੰ ਵੇਚੇਗਾ।