ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੋਮਵਾਰ ਨੂੰ ਗੁਆਂਢੀ ਦੇਸ਼ ‘ਚ ਬਿਜਲੀ ਦਾ ਵੱਡਾ ਕੱਟ ਲੱਗਾ। ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਵਰਗੇ ਸ਼ਹਿਰਾਂ ਵਿੱਚ ਕਈ ਘੰਟਿਆਂ ਤੋਂ ਬਿਜਲੀ ਬੰਦ ਹੈ। ਬਿਜਲੀ ਮੰਤਰਾਲੇ ਨੇ ਦੱਸਿਆ ਕਿ ਨੈਸ਼ਨਲ ਗਰਿੱਡ ਸਵੇਰੇ 7:34 ਵਜੇ ਡਾਊਨ ਹੋ ਗਿਆ। ਇਸ ਕਾਰਨ ਬਿਜਲੀ ਪ੍ਰਣਾਲੀ ਫੇਲ੍ਹ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸਿਸਟਮ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟ ਮੁਤਾਬਕ ਕਵੇਟਾ ਇਲੈਕਟ੍ਰਿਕ ਸਪਲਾਈ ਕੰਪਨੀ ਨੇ ਦੱਸਿਆ ਕਿ ਬਲੋਚਿਸਤਾਨ ਦੇ 22 ਸ਼ਹਿਰ ਸਵੇਰ ਤੋਂ ਬਿਜਲੀ ਤੋਂ ਬਿਨਾਂ ਹਨ। ਇੱਥੇ ਗੁੱਡੂ ਤੋਂ ਕਵੇਟਾ ਵਿਚਕਾਰ ਦੋ ਸਪਲਾਈ ਲਾਈਨਾਂ ਵਿੱਚ ਸਮੱਸਿਆ ਹੈ।
ਪਾਕਿਸਤਾਨ ਇਸ ਸਾਲ ਨਵੀਂ ਊਰਜਾ ਯੋਜਨਾ ਲੈ ਕੇ ਆਇਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ ਪਾਕਿਸਤਾਨ ਵਿੱਚ ਬਿਜਲੀ ਦਾ ਵੱਡਾ ਕੱਟ ਲੱਗਿਆ ਸੀ। ਉਦੋਂ ਕਰਾਚੀ, ਲਾਹੌਰ ਵਰਗੇ ਸ਼ਹਿਰਾਂ ਵਿੱਚ ਕਰੀਬ 12 ਘੰਟੇ ਬਿਜਲੀ ਕੱਟ ਲੱਗਿਆ ਸੀ।