ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੂੰ ਆਸਕਰ 2023 ਲਈ ਕਈ ਸ਼੍ਰੇਣੀਆਂ ਲਈ ਭੇਜਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਗੀਤ ‘ਨਾਟੂ-ਨਾਟੂ’ ਨੇ ਮੂਲ ਗੀਤਾਂ ਦੀ ਸ਼੍ਰੇਣੀ ‘ਚ ਨਾਮਜ਼ਦਗੀ ਹਾਸਲ ਕੀਤੀ ਹੈ।  ਗੋਲਡਨ ਗਲੋਬ ਐਵਾਰਡ ਜਿੱਤਣ ਤੋਂ ਬਾਅਦ ‘RRR’ ਨੂੰ ਆਸਕਰ 2023 ਲਈ ਵੀ ਅਧਿਕਾਰਤ ਤੌਰ ’ਤੇ ਨੌਮੀਨੇਟ ਕੀਤਾ ਗਿਆ ਹੈ।

ਫਿਲਮ ਦੇ ਗੀਤ ‘ਨਾਟੂ ਨਾਟੂ’ ਨੂੰ ਓਰਿਜਨਲ ਸੌਂਗ ਕੈਟਾਗਰੀ  ’ਚ ਨੌਮੀਨੇਸ਼ਨ ਮਿਲੀ ਹੈ। ਮੂਲ ਗੀਤ ਸ਼੍ਰੇਣੀ ਲਈ ਪੰਜ ਗੀਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਆਰਆਰਆਰ ਦਾ ਨਾਟੂ-ਨਾਟੂ ਹੈ। ਇਸ ਤੋਂ ਪਹਿਲਾਂ ਇਸ ਗੀਤ ਨੇ ਗੋਲਡਨ ਗਲੋਬ ਐਵਾਰਡਜ਼ ‘ਚ ਵੀ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ‘ਚ ਐਵਾਰਡ ਜਿੱਤਿਆ ਸੀ।

RRR ਦਾ ਨਾਟੂ-ਨਾਟੂ ਗੀਤ ਬਹੁਤ ਹਿੱਟ ਰਿਹਾ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ, ਨਾਲ ਹੀ ਇਸ ਗੀਤ ‘ਤੇ ਰਾਮ-ਚਰਨ ਅਤੇ ਜੂਨੀਅਰ ਐਨਟੀਆਰ ਦੇ ਡਾਂਸ ਨੇ ਵੀ ਲੋਕਾਂ ਦਾ ਦਿਲ ਜਿੱਤ ਲਿਆ। ਇਸ ਗੀਤ ਦਾ ਸੰਗੀਤ ਐਮਐਮ ਕੀਰਵਾਨੀ ਨੇ ਦਿੱਤਾ ਹੈ ਅਤੇ ਬੋਲ ਚੰਦਰਬੋਜ਼ ਨੇ ਲਿਖੇ ਹਨ।

ਇਸ ਦੇ ਨਾਲ ਹੀ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ ਅਤੇ ਰਾਹੁਲ ਸਿਪਲੀਗੰਜ ਨੇ ਗਾਇਆ ਹੈ। ਹੁਣ ਇਸ ਗੀਤ ਨੇ 95ਵੇਂ ਆਸਕਰ ਐਵਾਰਡ ਲਈ ਨਾਮਜ਼ਦਗੀਆਂ ‘ਚ ਜਗ੍ਹਾ ਬਣਾ ਲਈ ਹੈ, ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ 12 ਮਾਰਚ ‘ਤੇ ਹਨ, ਜਿਸ ਦਿਨ ਆਸਕਰ 2023 ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ।

ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਆਰਆਰਆਰ ਸਾਲ 2022 ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਵਿੱਚ ਸਾਊਥ ਸੁਪਰਸਟਾਰ ਰਾਮ ਚਰਨ ਜੂਨੀਅਰ ਐਨਟੀਆਰ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸਨ।

ਇਨ੍ਹਾਂ ਦੋਵਾਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਅਭਿਨੇਤਰੀ ਆਲੀਆ ਭੱਟ ਵੀ ਫਿਲਮ ਦਾ ਹਿੱਸਾ ਸਨ। ਇਸ ਫਿਲਮ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਬਹੁਤ ਪਿਆਰ ਮਿਲਿਆ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਵਿੱਚ ਦਿਖਾਏ ਗਏ ਵੀਐਫਐਕਸ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਅਤੇ ਆਰਆਰਆਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।