ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਕਿਰਨਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਸ਼੍ਰੀ ਤੁਸ਼ਾਰ ਗੁਪਤਾ ਏਡੀਸੀਪੀ-4, ਸ਼੍ਰੀ ਮੁਰਾਦ ਜਸਵੀਰ ਸਿੰਘ ਗਿੱਲ ਏਸੀਪੀ ਇੰਡ. ਏਰੀਆ-ਏ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਕ ਇੰਸ. ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੋਕਲ ਪੁਆਇੰਟ ਨਿਗਰਾਨੀ ਹੇਠ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਪੁਲਿਸ ਪਾਰਟੀ ਪਾਸ ਰਾਜਾ ਬਾਬੂ ਪੁੱਤਰ ਨਗੀਨਾ ਮਹਾਤੋ ਵਾਸੀ ਗਣੇਸ਼ ਲਾਲਾ ਦਾ ਵਿਹੜਾ ਗਲੀ ਨੰਬਰ 3 ਗੁਰੂਬਾਗ ਕਾਲੋਨੀ ਜੀਵਨ ਨਗਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਨੇ ਹਾਜ਼ਰ ਆ ਕੇ ਦੱਸਿਆ ਕਿ ਮੈਂ ਮਿਤਿ 25.5.2023 ਨੂੰ ਐੱਸਬੀਆਈ ਬੈਂਕ ਦੇ ਏਟੀਐੱਮ ਮੁੰਡੀਆਂ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਪੈਸਾ ਜਮ੍ਹਾ ਕਰਾਉਣ ਲਈ ਗਿਆ ਜਿਥੇ ਦੋਸ਼ੀ ਰਜਿੰਦਰ ਕੁਮਾਰ ਉਰਫ ਰਾਜ ਮੈਨੂੰ ਧੱਕਾ ਮਾਰ ਕੇ ਜ਼ਬਰਦਸਤੀ 16,000 ਰੁਪਏ ਖੋਹ ਕੇ ਫਰਾਰ ਹੋ ਗਿਆ।

ਮੁਕੱਦਮਾ ਨੰਬਰ 73 ਮਿਤੀ 24.5.2023 ਅ/ਧ 379 ਬੀ-ਭਾ.ਦੰਡ ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ। ਦੌਰਾਨੇ ਤਫਤੀਸ਼ ਮੁਕੱਦਮਾ ਵਿਚ ਦੋਸ਼ੀ ਰਜਿੰਦਰ ਕੁਮਾਰ ਉਰਫ ਰਾਜ ਪੁੱਤਰ ਸੱਤ ਨਾਰਾਇਣ ਵਾਸੀ ਗਲੀ ਨੰਬਰ 6 ਮੁਹੱਲਾ ਗੋਬਿੰਦਸਰ ਡਾਬਾ ਜ਼ਿਲ੍ਹਾ ਲੁਧਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ 16 ਹਜ਼ਾਰ ਰੁਪਏ ਤੇ 34 ਏਟੀਐੱਮ ਕਾਰਡ ਬਰਾਮਦ ਕੀਤੇ ਗਏ। ਦੋਸ਼ੀ ਰਾਜਿੰਦਰ ਕੁਮਾਰ ਉਰਫ ਰਾਜ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਪਹਿਲਾਂ ਏਟੀਐੱਮ ‘ਤੇ ਜਾ ਕੇ ਖੜ੍ਹਾ ਹੋ ਜਾੰਦਾ ਸੀ ਜਦੋਂ ਵੀ ਕੋਈ ਅਣਜਾਨ ਵਿਅਕਤੀ ਏਟੀਐੱਮ ‘ਤੇ ਪੈਸੇ ਕਢਵਾਉਣ ਲਈ ਆਉਂਦਾ ਸੀ ਤਾਂ ਉਹ ਉਸ ਸਮੇਂ ਏਟੀਐੱਮ ਦਾ ਕੋਡ ਦੇਖ ਲੈਂਦਾ ਸੀ ਤੇ ਉਸ ਨੂੰ ਮਦਦ ਲਈ ਕਹਿੰਦਾ ਸੀ। ਫਿਰ ਉਸ ਵਿਅਕਤੀ ਦਾ ਏਟੀਐੱਮ ਕਾਰਡ ਬਦਲ ਕੇ ਆਪਣੇ ਕੋਲ ਰੱਖ ਲੈਂਦਾ ਸੀ ਤੇ ਉਸ ਨੂੰ ਕੋਈ ਡੰਮ ਏਟੀਐੱਮ ਕਾਰਡ ਦੇ ਦਿੰਦਾ ਸੀ ਤੇ ਬਾਹਰ ਜਾ ਕੇ ਕਿਸੇ ਹੋਰ ਏਟੀਐੱਮ ਤੋਂ ਉਸ ਦੇ ਪੈਸੇ ਕਢਵਾ ਲੈਂਦਾ ਸੀ।