ਆਪਣੇ ਸ਼ੁਰੂਆਤੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਕੇਪਟਾਊਨ ਵਿੱਚ ਦੱਖਣੀ ਅਫਰੀਕਾ ਦੌਰੇ ਦੇ ਆਪਣੇ ਦੂਜੇ ਮੈਚ ਵਿੱਚ ਘਰੇਲੂ ਟੀਮ ਦੱਖਣੀ ਅਫਰੀਕਾ ਨੂੰ 7-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਦੇ ਦੌਰੇ ‘ਤੇ ਇਕ ਹੋਰ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਮੇਜ਼ਬਾਨ ਟੀਮ ਨੂੰ ਦੂਜੇ ਮੈਚ ਵਿਚ 7.0 ਨਾਲ ਹਰਾਇਆ ਅਤੇ ਲੰਬੇ ਸਮੇਂ ਬਾਅਦ ਟੀਮ ਵਿਚ ਪਰਤੀ ਰਾਣੀ ਰਾਮਪਾਲ ਨੇ ਫਿਰ ਗੋਲ ਕੀਤਾ।

ਪਹਿਲੇ ਮੈਚ ‘ਚ 5.1 ਨਾਲ ਜਿੱਤਣ ਵਾਲੀ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਚੈਂਪੀਅਨ ਭਾਰਤੀ ਟੀਮ ਨੇ ਉਸੇ ਲੈਅ ਨੂੰ ਬਰਕਰਾਰ ਰੱਖਿਆ। ਉਦਿਤਾ ਨੇ 9ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ।

ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ ਟੀਮ ਨੇ ਦੂਜੇ ਕੁਆਰਟਰ ‘ਚ ਦੱਖਣੀ ਅਫਰੀਕਾ ‘ਤੇ ਜ਼ਿਆਦਾ ਦਬਾਅ ਬਣਾਇਆ। ਵੈਸ਼ਨਵੀ ਵਿੱਠਲ ਫਾਲਕੇ ਨੇ 22ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਇਸ ਤੋਂ ਬਾਅਦ ਸਾਬਕਾ ਕਪਤਾਨ ਰਾਣੀ ਨੇ ਮੈਦਾਨੀ ਗੋਲ ਕੀਤਾ, ਜੋ 6 ਮਹੀਨਿਆਂ ਬਾਅਦ ਟੀਮ ਵਿੱਚ ਪਰਤੀ ਹੈ।

ਦੂਜੇ ਕੁਆਰਟਰ ਵਿਚ ਭਾਰਤ ਦੀ ਬੜ੍ਹਤ 6 ਗੋਲ ਹੋ ਗਈ, ਜਦੋਂ ਸੰਗੀਤਾ ਕੁਮਾਰੀ, ਨਵਨੀਤ ਕੌਰ ਅਤੇ ਵੰਦਨਾ ਕਟਾਰੀਆ ਨੇ 25ਵੇਂ, 26ਵੇਂ ਅਤੇ 27ਵੇਂ ਮਿੰਟ ਵਿੱਚ ਗੋਲ ਕੀਤੇ। ਤੀਜੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋਇਆ ਪਰ ਵੰਦਨਾ ਨੇ ਚੌਥੇ ਕੁਆਰਟਰ ਵਿਚ 58ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਨੇ ਹੁਣ ਅਗਲਾ ਮੈਚ ਵੀਰਵਾਰ ਨੂੰ ਖੇਡਣਾ ਹੈ।