ਸਟਾਰ ਫਾਰਵਰਡ ਬਲੇਕ ਗੋਵਰਸ ਦੇ ਚਾਰ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 9-2 ਨਾਲ ਹਰਾ ਕੇ ਪੂਲ ਏ ਵਿੱਚ ਸਿਖਰ ’ਤੇ ਰਹਿ ਕੇ ਐੱਫਆਈਐੱਚ ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ’ਚ ਆਸਟਰੇਲੀਆ ਦਾ ਮੁਕਾਬਲਾ 24 ਜਨਵਰੀ ਨੂੰ ਮਲੇਸ਼ੀਆ ਤੇ ਸਪੇਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਗੋਵਰਸ ਵੱਲੋਂ ਚੌਥੇ, 15ਵੇਂ, 19ਵੇਂ ਅਤੇ 20ਵੇਂ ਮਿੰਟ ਵਿੱਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਪਹਿਲੇ ਅੱਧ ਵਿੱਚ ਹੀ 7-1 ਨਾਲ ਵੱਡੀ ਲੀਡ ਲੈ ਲਈ ਸੀ। ਗੋਵਰਸ ਤੋਂ ਇਲਾਵਾ ਆਸਟਰੇਲੀਆ ਲਈ ਟੌਮ ਕ੍ਰੇਗ ਨੇ 10ਵੇਂ, ਜੇਕ ਹਾਰਵੀ ਨੇ 22ਵੇਂ, ਡੈਨੀਅਲ ਬੈਲੇ ਨੇ 28ਵੇਂ, ਜੈਰੇਮੀ ਹੇਵਰਡ ਨੇ 32ਵੇਂ ਅਤੇ ਟਿਮ ਬ੍ਰਾਂਡ ਨੇ 47ਵੇਂ ਮਿੰਟ ਵਿੱਚ ਗੋਲ ਕੀਤੇ। ਦੱਖਣੀ ਅਫਰੀਕਾ ਲਈ ਨਤੁਲੀ ਨਕੋਬਿਲੇ ਨੇ 8ਵੇਂ ਅਤੇ ਕੇ. ਟੇਵਿਨ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ।

ਪੂਲ ਏ ਦੇ ਇੱਕ ਹੋਰ ਮੈਚ ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ 5-5 ਨਾਲ ਡਰਾਅ ਰਿਹਾ। ਪੂਲ ਵਿੱਚ ਅਰਜਨਟੀਨਾ ਪੰਜ ਅੰਕਾਂ ਨਾਲ ਦੂਜੇ ਸਥਾਨ ਅਤੇ ਫਰਾਂਸ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਅਰਜਨਟੀਨਾ 22 ਜਨਵਰੀ ਨੂੰ ਆਪਣੇ ਕਰਾਸਓਵਰ ਮੈਚ ਵਿੱਚ ਪੂਲ ਬੀ ’ਚੋਂ ਤੀਜੇ ਸਥਾਨ ਦੀ ਟੀਮ ਨਾਲ ਭਿੜੇਗਾ, ਜਦਕਿ ਫਰਾਂਸ 23 ਜਨਵਰੀ ਨੂੰ ਪੂਲ ਬੀ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਖੇਡੇਗਾ।

ਵਿਕਟਰ ਚਾਰਲੇਟ ਨੇ ਫਰਾਂਸ ਲਈ 36ਵੇਂ, 38ਵੇਂ 48ਵੇਂ ਅਤੇ 60ਵੇਂ ਮਿੰਟ ਵਿੱਚ ਚਾਰ ਗੋਲ ਕੀਤੇ। ਟੀਮ ਲਈ ਪੰਜਵਾਂ ਗੋਲ ਟਾਇਨੇਵੇਜ਼ ਏਟੀਨੇ ਨੇ 11ਵੇਂ ਮਿੰਟ ਵਿੱਚ ਕੀਤਾ। ਅਰਜਨਟੀਨਾ ਲਈ ਨਿਕੋਲਸ ਡੇਲਾ ਟੋਰੇ ਨੇ 34ਵੇਂ, 42ਵੇਂ ਅਤੇ 60ਵੇਂ ਮਿੰਟ ਵਿੱਚ ਤਿੰਨ ਗੋਲ ਦਾਗੇ। ਬਾਕੀ ਦੋ ਗੋਲ ਕੀਨਨ ਨਿਕੋਲਸ ਤੇ ਮਾਰਟਿਨ ਫੇਰੇਰੋ ਨੇ ਕੀਤੇ।

ਇਸੇ ਤਰ੍ਹਾਂ ਪੂਲ ਬੀ ਦੇ ਇੱਕ ਮੈਚ ਵਿੱਚ ਬੂਨ ਟੌਮ ਦੇ ਪੰਜ ਗੋਲਾਂ ਦੀ ਬਦੌਲਤ ਬੈਲਜੀਅ ਨੇ ਜਾਪਾਨ ਨੂੰ 7-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੈਲਜੀਅਮ ਲਈ ਬਾਕੀ ਦੋ ਗੋਲ ਚਾਰਲੀਅਰ ਕੈਡਰਿਕ ਅਤੇ ਡੋਕੀਅਰ ਸੇਬੈਸਟੀਅਨ ਨੇ ਕੀਤੇ। ਜਾਪਾਨ ਲਈ ਇੱਕੋ-ਇੱਕ ਗੋਲ ਫੁਕੂਦਾ ਕੇਂਤਾਰੋ ਨੇ ਕੀਤਾ। ਪੂਲ ਬੀ ਦੇ ਇੱਕ ਹੋਰ ਮੈਚ ਵਿੱਚ ਜਰਮਨੀ ਨੇ ਕੋਰੀਆ ਨੂੰ 7-2 ਨਾਲ ਮਾਤ ਦਿੱਤੀ।