ਲਖਨਊ ਦੇ ਹਜ਼ਰਤਗੰਜ ਵਿੱਚ ਸਥਿਤ 5 ਮੰਜ਼ਿਲਾ ਇਮਾਰਤ ਡਿੱਗ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ  ਸਪਾ ਨੇਤਾ ਅੱਬਾਸ ਹੈਦਰ ਦੀ ਮਾਂ ਅਤੇ ਪਤਨੀ ਦੀ ਮੌਤ ਹੋ ਗਈ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 18 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਫੌਜ ਦੀ ਟੀਮ NDRF ਦੇ ਨਾਲ ਬਚਾਅ ‘ਚ ਲੱਗੀ ਹੋਈ ਹੈ।

ਇਹ ਹਾਦਸਾ ਮੰਗਲਵਾਰ ਸ਼ਾਮ ਕਰੀਬ 6:30 ਵਜੇ ਵਾਪਰਿਆ। ਸਪਾ ਨੇਤਾ ਅੱਬਾਸ ਹੈਦਰ ਦੀ ਮਾਂ ਅਤੇ ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਅੱਬਾਸ ਹੈਦਰ ਦੀ 72 ਸਾਲਾ ਮਾਂ ਬੇਗਮ ਹੈਦਰ ਨੂੰ ਬੁੱਧਵਾਰ ਸਵੇਰੇ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰ ਨੇ ਦੱਸਿਆ ਕਿ ਬੇਗਮ ਹੈਦਰ ਦੀ ਇਲਾਜ ਦੌਰਾਨ ਮੌਤ ਹੋ ਗਈ। ਅੱਬਾਸ ਦੀ ਪਤਨੀ ਨੂੰ 18 ਘੰਟੇ ਬਾਅਦ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਉਸ ਦੀ ਵੀ ਹਸਪਤਾਲ ਵਿਚ ਮੌਤ ਹੋ ਗਈ।

DGP DS ਚੌਹਾਨ ਮੁਤਾਬਕ ਹੁਣ ਤੱਕ 14 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਮਾਰਤ ਦੇ ਬੇਸਮੈਂਟ ਵਿੱਚ ਫਸੇ ਲੋਕਾਂ ਨੂੰ ਆਕਸੀਜਨ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਫੋਨ ‘ਤੇ ਵੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਲਖਨਊ ਦੇ ਕਮਿਸ਼ਨਰ ਰੋਸ਼ਨ ਜੈਕਬ, ਲਖਨਊ ਦੇ ਸੰਯੁਕਤ ਪੁਲਿਸ ਕਮਿਸ਼ਨਰ ਪਿਊਸ਼ ਮੋਰਡੀਆ ਅਤੇ ਪੀਡਬਲਯੂਡੀ ਲਖਨਊ ਦੇ ਚੀਫ਼ ਇੰਜੀਨੀਅਰ ਸ਼ਾਮਲ ਹਨ।