ਅਮਰੀਕਾ ਵਿਚ ਗੋਲੀਬਾਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਫਲੋਰੀਡਾ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕ ਜ਼ਖਮੀ ਹੋ ਗਏ ਹਨ। ਜਖ਼ਮੀਆਂ ਨੂੰ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਹ ਘਟਨਾ ਫਲੋਰੀਡਾ ਦੇ ਲੇਕ ਲੈਂਡ ਇਲਾਕੇ ‘ਚ ਵਾਪਰੀ ਹੈ। ਪੁਲਿਸ ਮੁਖੀ ਸੈਮ ਟੇਲਰ ਮੁਤਾਬਕ ਹਮਲਾਵਰ ਗੂੜ੍ਹੇ ਨੀਲੇ ਰੰਗ ਦੀ ਕਾਰ ‘ਚ ਆਏ ਸਨ।

ਪੁਲਿਸ ਅਨੁਸਾਰ ਹਮਲਾਵਰਾਂ ਨੇ ਮੌਕੇ ‘ਤੇ ਪਹੁੰਚ ਕੇ ਸਿਰਫ਼ ਗੱਡੀ ਦੀ ਰਫ਼ਤਾਰ ਘਟਾਈ ਤੇ ਗੱਡੀ ਦੀਆਂ ਚਾਰੇ ਖਿੜਕੀਆਂ ਖੋਲ੍ਹ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿਚ ਦੋ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਕੁਝ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।

ਇਹ ਵੀ ਪੜ੍ਹੋ : CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ! ਪੁਲਿਸ ਨੇ ਕੀਤੀ ਮੁਲਜ਼ਮ ਦੀ…

ਦੱਸਿਆ ਜਾ ਰਿਹਾ ਹੈ ਐਮਰਜੈਂਸੀ ਸੇਵਾਵਾਂ ਵੱਲੋਂ ਸਿਰਫ਼ ਤਿੰਨ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਉਮਰ 20 ਤੋਂ 35 ਸਾਲ ਦਰਮਿਆਨ ਹੈ। ਜਿਨ੍ਹਾਂ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਦੇ ਪੇਟ ਅਤੇ ਚਿਹਰੇ ‘ਤੇ ਗੋਲੀਆਂ ਲੱਗੀਆਂ ਹਨ। ਗੋਲੀਬਾਰੀ ਤੋਂ ਇੱਕ ਮਿੰਟ ਪਹਿਲਾਂ ਹੀ ਸਕੂਲ ਬੱਸ ਨੇ ਬੱਚਿਆਂ ਨੂੰ ਉੱਥੇ ਉਤਾਰ ਦਿੱਤਾ ਸੀ। ਜੇਕਰ ਇਹ ਘਟਨਾ ਕੁਝ ਸਮਾਂ ਪਹਿਲਾਂ ਵਾਪਰੀ ਹੁੰਦੀ ਤਾਂ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ।