ਦਿੱਲੀ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਮੈਂਬਰਾਂ ਦੀਆਂ ਚੋਣਾਂ ਦੀ ਪ੍ਰਕਿਰਿਆ ਐਮਸੀਡੀ ਦੇ ਸਿਵਿਕ ਸੈਂਟਰ ਵਿੱਚ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ 10 ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸ ਦੌਰਾਨ ‘ਆਪ’ ਆਗੂਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਆਗੂ ਨੇ ਵੀ ਜੈ ਸ਼੍ਰੀ ਰਾਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਦਾਅਵਾ ਕੀਤਾ ਕਿ ਮੇਅਰ ਭਾਜਪਾ ਦਾ ਹੀ ਹੋਵੇਗਾ।

‘ਆਪ’ ਨੇ ਸ਼ੈਲੀ ਓਬਰਾਏ ਅਤੇ ਭਾਜਪਾ ਨੇ ਰੇਖਾ ਗੁਪਤਾ ਨੂੰ ਮੇਅਰ ਦੇ ਅਹੁਦੇ ਲਈ ਮੈਦਾਨ ‘ਚ ਉਤਾਰਿਆ ਹੈ। ਅਜਿਹੇ ‘ਚ ਰਾਜਧਾਨੀ ਨੂੰ ਮਹਿਲਾ ਮੇਅਰ ਮਿਲਣਾ ਤੈਅ ਹੈ।

ਰਾਸ਼ਟਰੀ ਰਾਜਧਾਨੀ ‘ਚ ਅੱਜ ਮੇਅਰ ਚੋਣ ਦੇ ਮੱਦੇਨਜ਼ਰ ਮਿਉਂਸਪਲ ਭਵਨ ਅਤੇ ਸਿਵਿਕ ਸੈਂਟਰ ਕੰਪਲੈਕਸ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 6 ਜਨਵਰੀ ਨੂੰ ਸਦਨ ਦੀ ਪਹਿਲੀ ਬੈਠਕ ਦੌਰਾਨ ਮਿਉਂਸਪਲ ਭਵਨ ਵਿੱਚ ਕੀਤੀ ਗਈ ਤਾਇਨਾਤੀ ਦੇ ਮੁਕਾਬਲੇ ਇਸ ਵਾਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ, ਜਿਨ੍ਹਾਂ ਵਿੱਚ ਮਹਿਲਾ ਮੈਂਬਰ ਅਤੇ ਮਾਰਸ਼ਲ ਵੀ ਸ਼ਾਮਲ ਹਨ, ਤਾਇਨਾਤ ਕੀਤੇ ਗਏ ਹਨ।

ਨਗਰ ਨਿਗਮ ਚੋਣਾਂ ਤੋਂ ਬਾਅਦ ਚੁਣੇ 250 ਮੈਂਬਰਾਂ ਦੀ ਪਹਿਲੀ ਮੀਟਿੰਗ ਵਿੱਚ 6 ਜਨਵਰੀ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਵਿਚਾਲੇ ਹੋਈ ਝੜਪ ਅਤੇ ਹੰਗਾਮੇ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ।