ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਹਤ ਵਿਭਾਗ ‘ਚ ਨਵੇਂ ਨਿਯੁਕਤ ਹੋਏ ਕੁੱਲ 378 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਪ੍ਰੋਗਰਾਮ ਅੱਜ ਸਵੇਰੇ ਸੈਕਟਰ-35 ਸਥਿਤ ਮਿਉਂਸਪਲ ਭਵਨ ਵਿਖੇ ਕਰਵਾਇਆ ਗਿਆ ਸੀ। CM ਮਾਨ ਨੇ ਅੱਜ ਕੁੱਲ 271 ਸਪੈਸ਼ਲਿਸਟ ਡਾਕਟਰਾਂ, 90 ਲੈਬ ਟੈਕਨੀਸ਼ੀਅਨ ਅਤੇ 17 ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਾਸੀਆਂ ਨਾਲ ਕੀਤਾ ਰੁਜ਼ਗਾਰ ਦਾ ਵਾਅਦਾ ਸਰਕਾਰ ਵੱਲੋਂ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨਿਯੁਕਤੀ ਪੱਤਰਾਂ ਨੂੰ ਮਿਲਾ ਕੇ ਉਹ ਹੁਣ ਤੱਕ 25,886 ਨਿਯੁਕਤੀ ਪੱਤਰ ਨੌਜਵਾਨਾਂ ਨੂੰ ਵੰਡ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਪਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਟਾਰਟਅਪ ਵੱਲ ਲੈ ਕੇ ਜਾਵਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਹ ਆਪਣੇ ਕਿਸੇ ਸਕੇ ਰਿਸ਼ਤੇਦਾਰ ਨੂੰ ਵੀ ਨਹੀਂ ਬਖ਼ਸ਼ਣਗੇ। ਉਨ੍ਹਾਂ ਕਿਹਾ ਕਿ ਅਸੀਂ ਨੌਕਰੀਆਂ ਵੋਟਾਂ ਲਈ ਨਹੀਂ ਦੇ ਰਹੇ ਹਾਂ ਅਤੇ ਨੌਕਰੀਆਂ ‘ਚ ਕਿਸੇ ਤਰ੍ਹਾਂ ਦੀ ਸਿਫ਼ਾਰਿਸ਼ ਜਾਂ ਫਿਰ ਰਿਸ਼ਵਤ ਨਹੀਂ ਚੱਲੇਗੀ।
ਉਨ੍ਹਾਂ ਕਿਹਾ ਕਿ ਓਲਾ, ਫਲਿੱਪਕਾਰਟ ਤੇ ਐਮਾਜ਼ੋਨ ਵਾਲਿਆਂ ਨੂੰ ਪੰਜਾਬ ‘ਚ ਦਫ਼ਤਰ ਬਣਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਸਭ ਤਾਂ ਬਾਅਦ ‘ਚ ਹੁੰਦਾ ਰਹੇਗਾ ਪਰ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਫਿਰ ਇਸ ਤੋਂ ਬਾਅਦ ਪੜ੍ਹਾਈ ਅਤੇ ਪੜ੍ਹਾਈ ਮੁਤਾਬਕ ਨੌਕਰੀ ਜ਼ਰੂਰੀ ਹੈ।