ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦੌਰੇ ‘ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਅਬੋਹਰ ਦੀ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਸਾਲ 2020 ਵਿਚ ਖ਼ਰਾਬ ਫਸਲਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ ਗਏ। ਆਪਣੇ ਸੰਬੋਧਨ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਖ਼ੂਬ ਤੰਜ ਕੱਸੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਵਾਂ ਨੇ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਨੂੰ ਲੈ ਕੇ ਐਲਾਨ ਕਰਦੇ ਹੋਏ ਕਿਹਾ ਕਿ ਸਭ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜ੍ਹਾ ਸਮਾਂ ਦਿੱਤਾ ਜਾਵੇ। ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਸੀ ਸਗੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਕੋਲ ਖ਼ਜ਼ਾਨਾ ਸੀ। ਕਿਸੇ ਨੇ ਮਹਿਲ ਪਾ ਲਏ ਤਾਂ ਕਿਸੇ ਨੇ ਬੱਸਾਂ ਪਾ ਲਈਆਂ ਪਰ ਲੋਕਾਂ ਦੇ ਕੰਮਾਂ ਵੱਲ ਧਿਆਨ ਹੀ ਨਹੀਂ ਦਿੱਤਾ।

ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟ ਲੀਡਰਾਂ ‘ਤੇ ਚੱਲ ਰਹੇ ਆਰੇ ਦੇ ਡਰੋਂ ਬਹੁਤ ਸਾਰੇ ਲੀਡਰ ਅਜਿਹੇ ਹਨ, ਜੋ ਭਾਜਪਾ ਵੱਲ ਜਾ ਰਹੇ ਹਨ ਪਰ ਆਰਾ ਤਾਂ ਸਭ ‘ਤੇ ਚੱਲੇਗਾ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਤਾਂ ਮੈਂ ਬਰੈਕਟ ਵਿਚ ਇਹ ਨਹੀਂ ਵੇਖਦਾ ਕਿ ਕਿਹੜੀ ਪਾਰਟੀ ਦਾ ਲੀਡਰ ਹੈ। ਆਰਾ ਸਭ ‘ਤੇ ਹੀ ਚੱਲੇਗਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਲੀਡਰ ਹੋਵੇ। ਭਾਜਪਾ ਵਿਚ ਜਾਣ ਦਾ ਇਹ ਮਤਲਬ ਨਹੀਂ ਕਿ ਉਹ ਬੱਚ ਜਾਣਗੇ। ਆਰਾ ਸਭ ‘ਤੇ ਚੱਲੇਗਾ। ਹੁਣ ਪੰਜਾਬ ਦਾ ਲੁਟਿਆ ਇਕ-ਇਕ ਪੈਸਾ ਵਾਪਸ ਲੈ ਕੇ ਆਵਾਂਗੇ ਅਤੇ ਖ਼ਜ਼ਾਨਾ ਭਰਾਂਗੇ।

ਧਰਨਿਆਂ ‘ਤੇ ਬੈਠੇ ਪੀ.ਟੀ.ਆਈ. ਅਧਿਆਪਕਾਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਸ਼ਾਂਤੀਪੂਰਨ ਧਰਨੇ ਕਰਨ ਦਾ ਅਧਿਕਾਰ ਹੈ। ਟੰਕੀ ‘ਤੇ ਚੜ੍ਹਨ ਨਾਲ ਮਸਲੇ ਹੱਲ ਨਹੀਂ ਹੁੰਦੇ। ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਸਰਕਾਰ ਨੂੰ ਥੋੜ੍ਹਾ ਸਮਾਂ ਤਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤਾਂ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਕੰਡਿਆਂ ਨੂੰ ਹੀ ਚੁੱਗ ਰਹੇ ਹਾਂ। ਕਾਨੂੰਨੀ ਅੜਚਨਾਂ ਖ਼ਤਮ ਕਰ ਰਹੇ ਹਾਂ। ਹੁਣ ਤੱਕ 25 ਹਜ਼ਾਰ 886 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਾਰਿਆਂ ਨੂੰ ਹੀ ਹੌਲੀ-ਹੌਲੀ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜ੍ਹਾ ਸਮਾਂ ਦਿੱਤਾ ਜਾਵੇ। ਨੌਜਵਾਨਾਂ ਵੱਲੋਂ ਵਿਦੇਸ਼ਾਂ ਵੱਲ ਕੀਤੇ ਜਾ ਰਹੇ ਰੁਖਾਂ ਨੂੰ ਲੈ ਕੇ ਉਨ੍ਹਾਂ ਕਿਹਾ ਹੈ ਕਿ ਅਮਰੀਕਾ-ਕੈਨੇਡਾ ਬਾਰੇ ਸੋਚਣ ਦੀ ਲੋੜ ਨਹੀਂ, ਪੰਜਾਬ ‘ਚ ਹੀ ਇੰਡਸਟਰੀ ਆਵੇਗੀ। ਇਥੇ ਰਹਿ ਕੇ ਕਿਰਤ ਕਰੋ ਅਤੇ ਆਪਣੇ ਪਰਿਵਾਰ ‘ਚ ਰਹਿ ਕੇ ਰੋਟੀ ਖਾਓ।