ਛੱਤੀਸਗੜ੍ਹ ਵਿਚ ਪਹਿਲੀ ਵਾਰ ਥਰਡ ਜੈਂਡਰ ਦੇ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸਮਾਜ ਕਲਿਆਣ ਵਿਭਾਗ ਵੱਲੋਂ ਹੁਣ ਤੱਕ ਬਜ਼ੁਰਗਾਂ, ਦਿਵਿਆਂਗ, ਬੇਸਹਾਰਿਆਂ ਤੇ ਵਿਧਵਾਵਾਂ ਨੂੰ ਹੀ ਇਸ ਤਰ੍ਹਾਂ ਦੀ ਪੈਨਸ਼ਨ ਦਿੱਤੀ ਜਾ ਰਹੀ ਸੀ ਪਰ ਸੂਬਾ ਸਰਕਾਰ ਨੇ ਹੁਣ ਥਰਡ ਜੈਂਡਰ ਵਾਲਿਆਂ ਨੂੰ ਵੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ।

ਅਜਿਹੇ ਲੋਕਾਂ ਨੂੰ ਵਿਭਾਗ ਦੀ ਵੈੱਬਸਾਈਟ ਵਿਚ ਆਨਲਾਈਨ ਅਪਲਾਈ ਕਰਨਾ ਹੋਵੇਗਾ। ਵਿਭਾਗ ਨੇ ਹੁਣ ਤਕ 3058 ਥਰਡ ਜੈਂਡਰਾਂ ਦੀ ਪਛਾਣ ਵੀ ਕਰ ਲਈ ਹੈ। ਇਨ੍ਹਾਂ ਵਿਚੋਂ 1229 ਨੂੰ ਪਛਾਣ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 1829 ਨੂੰ ਪ੍ਰਮਾਣ ਪੱਤਰ ਜਾਰੀ ਕਰਨ ਦਾ ਕੰਮ ਜਾਰੀ ਹੈ।

1 ਮਾਰਚ ਤੋਂ ਹੁਣ ਤੱਕ 600 ਤੋਂ ਵਧ ਥਰਡ ਜੈਂਡਰਾਂ ਨੇ ਪੈਨਸ਼ਨ ਲਈ ਅਰਜ਼ੀਆਂ ਵੀ ਜਮ੍ਹਾ ਕਰਵਾ ਦਿੱਤੀਆਂ ਹਨ। ਵਿਭਾਗ ਵੱਲੋਂ ਇਨ੍ਹਾਂ ਅਰਜ਼ੀਆਂ ਦੀ ਜਾਂਚ ਦੇ ਬਾਅਦ 350 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਹ ਰਕਮ ਉਨ੍ਹਾਂ ਦੇ ਦੱਸੇ ਖਾਤਿਆਂ ਵਿਚ ਆਨਲਾਈਨ ਜਮ੍ਹਾ ਕੀਤੀ ਜਾਵੇਗੀ।

ਥਰਡ ਜੈਂਡਰ ਦੇ ਲੋਕਾਂ ਨੂੰ ਅਪਲਾਈ ਕਰਨ ਵਿਚ ਛੋਟ ਵੀ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਸੇ ਵੀ ਵਿਭਾਗ ਜਾਂ ਅਫਸਰ ਤੋਂ ਇਹ ਪ੍ਰਮਾਣਿਤ ਨਹੀਂ ਕਰਵਾਉਣਾ ਹੋਵੇਗਾ ਕਿ ਉਹ ਥਰਡ ਜੈਂਡਰ ਦੀ ਕੈਟਾਗਰੀ ਦੇ ਹਨ। ਉਨ੍ਹਾਂ ਨੂੰ ਸਿਰਫ ਐਲਾਨ ਪੱਤਰ ਦੇਣਾ ਹੋਵੇਗਾ। ਇਸ ਲਈ ਉਨ੍ਹਾਂ ਨੂੰ ਫੋਟੋ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ‘ਚ ਮੁੜ ਤੋਂ ਕੋਰੋਨਾ ਮਾਮਲਿਆਂ ‘ਚ ਹੋਇਆ ਵਾਧਾ, ਅਲਰਟ ਰਹਿਣ ਦੇ ਨਿਰਦੇਸ਼

ਵਿਭਾਗ ਨੇ ਇਸ ਯੋਜਨਾ ਦਾ ਪ੍ਰਚਾਰ-ਪ੍ਰਸਾਰ ਵੀ ਸ਼ੁਰੂ ਕਰ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਦੋ ਹਫਤੇ ਵਿਚ ਹੀ ਸੈਂਕੜੇ ਅਰਜ਼ੀਆਂ ਜਮ੍ਹਾ ਹੋ ਗਈਆਂ ਹਨ। ਸਭ ਤੋਂ ਵੱਧ ਅਰਜ਼ੀਆਂ ਰਾਏਪੁਰ ਜ਼ਿਲ੍ਹੇ ਤੋਂ ਹੀ ਜਮ੍ਹਾ ਹੋਏ ਹਨ। ਛੱਤੀਸਗੜ੍ਹ ਸਰਕਾਰ ਨੇ ਇਸ ਸਾਲ ਦੇ ਬਜਟ ਵਿਚ ਵੀ ਥਰਡ ਜੈਂਡਰਾਂ ਲਈ ਰਕਮ ਦੀ ਵਿਵਸਥਾ ਕੀਤੀ ਹੈ।