ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 131ਵਾਂ ਦਿਨ ਹੈ। ਜੰਮੂ-ਕਸ਼ਮੀਰ ਦੇ ਰਾਮਬਨ ‘ਚ ਭਾਰੀ ਮੀਂਹ ਤੋਂ ਬਾਅਦ ਇਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਕਾਰਨ ਯਾਤਰਾ ਦਾ ਦੂਜਾ ਪੜਾਅ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਦਿੱਤੀ ਹੈ।

ਜਨਰਲ ਸਕੱਤਰ ਜੈਰਾਮ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਛੁੱਟੀ ਰਹੇਗੀ ਅਤੇ 27 ਜਨਵਰੀ ਨੂੰ ਸਵੇਰੇ 8 ਵਜੇ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ। ਕਾਂਗਰਸ ਦੇ ਪ੍ਰੋਗਰਾਮ ਮੁਤਾਬਕ 25 ਜਨਵਰੀ ਨੂੰ ਸਵੇਰੇ 8 ਵਜੇ ਤੋਂ ਰਾਮਬਨ ਤੋਂ ਯਾਤਰਾ ਸ਼ੁਰੂ ਹੋ ਗਈ ਹੈ। ਯੋਜਨਾ ਮੁਤਾਬਕ ਇਸ ਨੂੰ ਖੋਬਾਗ ਇਲਾਕੇ ‘ਚ ਰੁਕਣਾ ਸੀ, ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਯਾਤਰਾ 30 ਜਨਵਰੀ ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਪਹੁੰਚ ਕੇ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ : ਲਖਨਊ ‘ਚ 5 ਮੰਜ਼ਿਲਾ ਇਮਾਰਤ ਢਹਿਣ ਨਾਲ ਸਪਾ ਦੇ ਰਾਸ਼ਟਰੀ ਬੁਲਾਰੇ ਦੀ ਮਾਂ ਤੇ…

ਦੱਸ ਦੇਈਏ ਕਾਂਗਰਸ ਨੇ ਇਹ ਯਾਤਰਾ 7 ਸਤੰਬਰ ਨੂੰ ਸ਼ੁਰੂ ਕੀਤੀ ਸੀ। ਭਾਰਤ ਜੋੜੋ ਯਾਤਰਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਯੂਪੀ, ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਹੁੰਦੇ ਹੋਏ ਕੇਂਦਰ ਸ਼ਾਸਤ ਪ੍ਰਦੇਸ਼ ਕਸ਼ਮੀਰ ਤੱਕ ਗਈ। ਰਾਹੁਲ ਦੀ ਇਹ ਯਾਤਰਾ ਕਰੀਬ 3570 ਕਿਲੋਮੀਟਰ ਦੀ ਹੈ। ਇਸ ਯਾਤਰਾ ਦੇ ਜ਼ਰੀਏ ਕਾਂਗਰਸ 372 ਲੋਕ ਸਭਾ ਸੀਟਾਂ ‘ਤੇ ਫੋਕਸ ਕਰ ਰਹੀ ਹੈ।