ਸਰਬੀਆ ਦੇ ਨੋਵਾਕ ਜੋਕੋਵਿਕ ਨੇ ਪ੍ਰਰੀ ਕੁਆਰਟਰ ਫਾਈਨਲ ਵਿਚ ਆਸਟ੍ਰੇਲੀਆ ਦੇ ਐਲਕਸ ਡੀ ਮਿਨੋਰ ਨੂੰ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਜੋਕੋਵਿਕ ਨੇ ਇਸ ਤਰ੍ਹਾਂ ਇੱਥੇ ਆਪਣਾ 10ਵਾਂ ਖ਼ਿਤਾਬ ਜਿੱਤਣ ਵੱਲ ਇਕ ਹੋਰ ਕਦਮ ਵਧਾਅ ਦਿੱਤਾ ਹੈ।

21 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਕ ਨੇ ਮਿਨੋਰ ਨੂੰ 6-2, 6-1, 6-2 ਨਾਲ ਹਰਾਇਆ। ਰਾਫੇਲ ਨਡਾਲ ਦੇ ਬਾਹਰ ਹੋਣ ਨਾਲ ਜੋਕੋਵਿਕ ਕੋਲ ਉਨ੍ਹਾਂ ਦੇ 22ਵੇਂ ਗਰੈਂਡ ਸਲੈਮ ਦੀ ਬਰਾਬਰੀ ਕਰਨ ਦਾ ਚੰਗਾ ਮੌਕਾ ਹੈ ਪਰ ਸਰਬਿਆਈ ਖਿਡਾਰੀ ਹੈਮਸਟਿ੍ੰਗ ਦੀ ਸੱਟ ਕਾਰਨ ਪਰੇਸ਼ਾਨ ਚੱਲ ਰਹੇ ਹਨ ਜੋ ਉਨ੍ਹਾਂ ਦੇ ਰਾਹ ਵਿਚ ਰੋੜਾ ਬਣ ਸਕਦੀ ਹੈ।

ਜੋਕੋਵਿਕ ਦਾ ਸਾਹਮਣਾ ਹੁਣ ਰੂਸ ਦੇ ਪੰਜਵਾਂ ਦਰਜਾ ਹਾਸਲ ਆਂਦਰੇ ਰੂਬਲੇਵ ਨਾਲ ਹੋਵੇਗਾ। ਜੋਕੋਵਿਕ ਦੇ ਸਾਹਮਣੇ ਮਿਨੋਰ ਕਿਸੇ ਵੀ ਸੈੱਟ ਵਿਚ ਚੁਣੌਤੀ ਨਹੀਂ ਪੇਸ਼ ਕਰ ਸਕੇ। ਸ਼ੁਰੂਆਤੀ ਸੈੱਟ ਵਿਚ ਜੋਕੋਵਿਕ ਨੇ ਸਕੋਰ 2-2 ਨਾਲ ਬਰਾਬਰ ਕਰਨ ਤੋਂ ਬਾਅਦ ਅਗਲੀਆਂ ਚਾਰ ਗੇਮਾਂ ਜਿੱਤ ਕੇ ਸੈੱਟ ਆਪਣੇ ਨਾਂ ਕੀਤਾ। ਦੂਜੇ ਸੈੱਟ ਵਿਚ ਜੋਕੋਵਿਕ ਨੇ ਜਲਦ ਹੀ 5-0 ਦੀ ਬੜ੍ਹਤ ਹਾਸਲ ਕੀਤੀ ਪਰ ਮਿਨੋਰ ਨੇ ਅਗਲੀ ਗੇਮ ਜਿੱਤੀ। ਹਾਲਾਂਕਿ ਸਰਬਿਆਈ ਖਿਡਾਰੀ ਨੇ ਸੱਤਵੀਂ ਗੇਮ ਜਿੱਤ ਕੇ ਦੂਜਾ ਸੈੱਟ ਵੀ ਆਪਣੇ ਨਾਂ ਕਰ ਲਿਆ। ਤੀਜੇ ਸੈੱਟ ਵਿਚ ਵੀ ਜੋਕੋਵਿਕ ਨੇ ਆਸਟ੍ਲਿਆਈ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਬਿਨਾਂ ਇਕ ਵੀ ਸੈੱਟ ਗੁਆਏ ਆਰਾਮ ਨਾਲ ਆਖ਼ਰੀ-8 ਵਿਚ ਪ੍ਰਵੇਸ਼ ਕੀਤਾ।

ਅਮਰੀਕਾ ਦੇ ਬੇਨ ਸ਼ੇਲਟਨ ਨੇ ਆਸਟ੍ਰੇਲੀਅਨ ਓਪਨ ਵਿਚ ਸ਼ੁਰੂਆਤ ਕਰਦੇ ਹੋਏ ਕੁਆਰਟਰ ਫਾਈਨਲ ਵਿਚ ਥਾਂ ਬਣਾਈ। 20 ਸਾਲ ਦੇ ਸ਼ੇਲਟਨ ਨੇ ਮੈਲਬੌਰਨ ਪਾਰਕ ‘ਤੇ ਹਮਵਤਨ ਮੁਕਾਬਲੇ ਵਿਚ ਜੇਜੇ ਵੋਲਫ ਨੂੰ 6-7 (5), 6-2, 6-7 (4), 7-6 (4), 6-2 ਨਾਲ ਮਾਤ ਦਿੱਤੀ। ਸ਼ੇਲਨਟ ਆਪਣੇ ਸਿਰਫ਼ ਦੂਜੇ ਗਰੈਂਡ ਸਲੈਮ ਟੂਰਨਾਮੈਂਟ ਵਿਚ ਖੇਡ ਰਹੇ ਹਨ ਹਨ ਤੇ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਯਾਤਰਾ ਕਰ ਰਹੇ ਹਨ।

ਮਰਦ ਵਰਗ ਵਿਚ ਆਂਦਰੇ ਰੂਬਲੇਵ ਨੇ ਵੀ ਪੰਜ ਸੈੱਟ ਵਿਚ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਰੂਸ ਦੇ ਇਸ ਖਿਡਾਰੀ ਨੇ ਨੌਵਾਂ ਦਰਜਾ ਹੋਲਗਰ ਰੂਨੇ ਨੂੰ ਸਖ਼ਤ ਮੁਕਾਬਲੇ ਵਿਚ 6-3, 3-6, 6-3, 4-6, 7-6 ਨਾਲ ਮਾਤ ਦਿੱਤੀ। ਸਪੇਨ ਦੇ ਰਾਬਰਟੋ ਬਤਿਸਤਾ ਅਗੁਟ ਹਾਲਾਂਕਿ ਟਾਮੀ ਪਾਲ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ 2-6, 6-3, 2-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਬੇਨਕਿਕ ਨੂੰ ਹਰਾ ਕੇ ਸਬਾਲੇਂਕਾ ਅੱਗੇ ਵਧੀ :

ਮਹਿਲਾਵਾਂ ਵਿਚ ਪੰਜਵਾਂ ਦਰਜਾ ਹਾਸਲ ਅਰਿਨਾ ਸਬਾਲੇਂਕਾ ਨੇ ਬੇਲਿੰਡਾ ਬੇਨਕਿਕ ਨੂੰ 7-5, 6-2 ਨਾਲ ਹਰਾ ਕੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਹਾਲਾਂਕਿ, ਕੈਰੋਲਿਨ ਗਾਰਸੀਆ ਨੂੰ ਮਾਗਦਾ ਲਿਨੇਤੇ ਨੇ 7-6 (3), 6-4 ਨਾਲ ਹਰਾਇਆ, ਜਦਕਿ ਕੈਰੋਲਿਨਾ ਪਲਿਸਕੋਵਾ ਨੇ ਸ਼ੁਈ ਝਾਂਗ ਨੂੰ 6-0, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਸਾਨੀਆ-ਬੋਪੰਨਾ ਦੀ ਜੋੜੀ ਕੁਆਰਟਰ ਫਾਈਨਲ ‘ਚ :

ਸਿਖਰਲਾ ਦਰਜਾ ਹਾਸਲ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਨੇ ਜਾਪਾਨ ਦੀ ਮਾਕੋਤਾ ਨਿਨੋਮੀਆ ਤੇ ਉਰੂਗੁਏ ਦੇ ਏਰੀਅਲ ਬੇਹਾਰ ਦੀ ਜੋੜੀ ਨੂੰ 6-4, 7-6 (9) ਨਾਲ ਹਰਾ ਕੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਹੁਣ ਇਸ ਭਾਰਤੀ ਜੋੜੀ ਦਾ ਸਾਹਮਣਾ ਲਾਤਵਿਆਈ-ਸਪੈਨਿਸ਼ ਜੋੜੀ ਜੇਲੇਨਾ ਓਸਤਾਪੇਂਕੋ ਤੇ ਡੇਵਿਡ ਵੇਗਾ ਹਰਨਾਂਡੇਜ ਦੇ ਨਾਲ ਹੋਵੇਗਾ।