ਅਮਰੀਕਾ ਵਿੱਚ ਇੱਕ 34 ਸਾਲਾ ਭਾਰਤੀ ਵਿਅਕਤੀ ਨੂੰ 3.5 ਮਿਲੀਅਨ ਅਮਰੀਕੀ ਡਾਲਰ ਦੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਦੋਸ਼ੀ ਪਾਏ ਜਾਣ ‘ਤੇ 7 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵਿਅਕਤੀ ‘ਤੇ ਭਾਰਤ ਅਤੇ ਸਿੰਗਾਪੁਰ ਤੋਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਲਿਆਉਣ ਦਾ ਦੋਸ਼ ਲੱਗਾ ਹੈ।

ਬੋਸਟਨ ਵਿੱਚ ਸੰਘੀ ਵਕੀਲਾਂ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਮਨੀਸ਼ ਕੁਮਾਰ ਨੇ ਲੱਖਾਂ ਗੈਰ-ਕਾਨੂੰਨੀ ਅਤੇ ਗੈਰ-ਮਨਜ਼ੂਰਸ਼ੁਦਾ ਗੋਲੀਆਂ ਅਮਰੀਕਾ ਵਿੱਚ ਉਨ੍ਹਾਂ ਲੋਕਾਂ ਨੂੰ ਭੇਜੀਆਂ ਜਿਨ੍ਹਾਂ ਕੋਲ ਡਾਕਟਰ ਵੱਲੋਂ ਲਿਖਤੀ ਦਵਾਈ ਦੀ ਪਰਚੀ ਨਹੀਂ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਮਾਰਕ ਐਲ ਵੁਲਫ ਨੇ 87 ਮਹੀਨਿਆਂ ਦੀ ਜੇਲ੍ਹ ਅਤੇ ਰਿਹਾਈ ਮਗਰੋਂ 3 ਮਹੀਨੇ ਦੀ ਨਿਗਰਾਨੀ ਦੀ ਸਜ਼ਾ ਸੁਣਾਈ। ਉਸ ਨੂੰ 100,000 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ ਗਿਆ।

ਇਸ ਮਾਮਲੇ ਵਿੱਚ ਵੱਡੀ ਗੱਲ ਹੋਰ ਸਾਹਮਣੇ ਆਈ ਹੈ ਕਿ ਕੁਮਾਰ ਇਸ਼ਤਿਹਾਰਬਾਜ਼ੀ ਅਤੇ ਕਾਲ ਸੈਂਟਰਾਂ ਰਾਹੀਂ ਅਮਰੀਕਾ ‘ਚ ਸੰਭਾਵੀ ਗਾਹਕਾਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕਰਦਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਸਾਜ਼ਿਸ਼ ਦੇ ਹਿੱਸੇ ਵਜੋਂ, ਕੁਮਾਰ ਨੇ ਵਿਅਕਤੀਗਤ ਤੌਰ ‘ਤੇ ਸਿੰਗਾਪੁਰ ਅਤੇ ਭਾਰਤ ਵਿਚ ਡਰੱਗ ਸਪਲਾਇਰਾਂ ਤੋਂ ਮੈਸੇਚਿਉਸੇਟਸ ਅਤੇ ਹੋਰ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਦਾ ਨਿਰਦੇਸ਼ਨ ਅਤੇ ਪ੍ਰਬੰਧਨ ਕੀਤਾ। ਕੁਲ ਮਿਲਾ ਕੇ, ਕੁਮਾਰ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ 3.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਆਮਦਨੀ ਪ੍ਰਾਪਤ ਕੀਤੀ ਅਤੇ ਲੱਖਾਂ ਗੈਰ-ਕਾਨੂੰਨੀ ਅਤੇ ਗੈਰ-ਮਨਜ਼ੂਰਸ਼ੁਦਾ ਗੋਲੀਆਂ ਅਮਰੀਕਾ ਵਿੱਚ ਉਹਨਾਂ ਵਿਅਕਤੀਆਂ ਨੂੰ ਭੇਜੀਆਂ, ਜਿਨ੍ਹਾਂ ਕੋਲ ਡਾਕਟਰ ਵੱਲੋਂ ਲਿਖਤੀ ਦਵਾਈ ਦੀ ਪਰਚੀ ਨਹੀਂ ਸੀ।

ਇਹ ਵੀ ਪੜ੍ਹੋ: PM ਮੋਦੀ ਨੇ 71 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਕੁਮਾਰ ‘ਮਿਹੂ ਬਿਜ਼ਨੈੱਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਵਿਚ ਭਾਈਵਾਲ ਸੀ। ਇਹ ਮੁੰਬਈ ਦੀ ਦਵਾਈ ਕੰਪਨੀ ਹੈ, ਜਿਸ ਨੂੰ ਉਸ ਨੇ “ਆਲ ਹਰਬ ਡਿਸਟਰੀਬਿਊਟਰਸ,” “365 ਲਾਈਫ ਗਰੁੱਪ,” ਅਤੇ “ਹੈਲਥ ਲਾਈਫ 365 ਕੰਪਨੀ” ਸਮੇਤ ਕਈ ਨਾਵਾਂ ਨਾਲ ਚਲਾਇਆ ਸੀ। ਉਸ ਨੂੰ ਫਰਵਰੀ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਉਸ ਨੇ ਪਾਬੰਦੀਸ਼ੁਦਾ ਪਦਾਰਥਾਂ ਦੀ ਵਿਕਰੀ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਨਹੀਂ ਕੀਤੀ ਸੀ।