ਪੰਜਾਬ ਦੇ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ‘ਚ 3 ਮਹੀਨੇ ਪਹਿਲਾਂ ਓਵਰਟੇਕ ਕਰਨ ਨੂੰ ਲੈ ਕੇ ਹੋਏ ਝਗੜੇ ‘ਚ ਜ਼ਖਮੀ CIA ਸਟਾਫ ਦੇ ਕਾਂਸਟੇਬਲ ਦੀ ਮੌਤ ਹੋ ਗਈ ਹੈ। ਕਾਂਸਟੇਬਲ ਪਰਮਿੰਦਰ ਸਿੰਘ ਦੇ ਸਿਰ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਸੀ। ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਪਰਮਿੰਦਰ ਸਿੰਘ ਕੋਮਾ ਵਿੱਚ ਚਲਾ ਗਿਆ ਸੀ। ਉਹ ਕਈ ਦਿਨਾਂ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ।

ਦੱਸ ਦੇਈਏ ਕਿ 15 ਅਕਤੂਬਰ 2022 ਨੂੰ ਪਿੰਡ ਤਲਵੰਡੀ ਮਹਿਮਾ ਵਿੱਚ CIA ਸਟਾਫ ਕਪੂਰਥਲਾ ਵਿੱਚ ਤਾਇਨਾਤ ਹੌਲਦਾਰ ਪਰਮਿੰਦਰ ਸਿੰਘ ਵਾਸੀ ਧੰਧਲ ਦੀ ਕਾਰ ਨੂੰ ਓਵਰਟੇਕ ਕਰਨ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਸੀ। ਜਿਸ ਮਗਰੋਂ ਹਮਲਾਵਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਪਰਮਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਸਨ।

ਇਹ ਵੀ ਪੜ੍ਹੋ : ਪੰਜਾਬ ‘ਚ ਬਣੇਗੀ ਫਿਲਮ ਸਿਟੀ: CM ਭਗਵੰਤ ਮਾਨ

ਪਰਮਿੰਦਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਹ ਕੋਮਾ ਵਿੱਚ ਚਲਾ ਗਿਆ ਸੀ। ਅਜੇ ਤੱਕ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਉਦੋਂ ਤੱਕ ਪਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।