ਬਿਹਾਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਬਿਹਾਰ ਦੇ ਭੋਜਪੁਰ ‘ਚ ਕੁਝ ਹਮਲਾਵਰਾਂ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਘਰ ‘ਚ ਦਾਖਲ ਹੋ ਕੇ 8 ਸਾਲ ਦੀ ਬੱਚੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੜਕੀ ਉਸ ਸਮੇਂ ਆਪਣਾ ਹੋਮਵਰਕ ਕਰ ਰਹੀ ਸੀ। ਆਖਰੀ ਸਾਹ ਤੱਕ ਉਸ ਦੇ ਹੱਥ ਵਿੱਚ ਪੈਨਸਿਲ ਸੀ। ਦੱਸਿਆ ਜਾ ਰਿਹਾ ਹੈ ਹਮਲਾਵਰ ਬੱਚੀ ਦੇ ਪਿਤਾ ਨੂੰ ਟਾਰਗੇਟ ਕਰਨ ਆਏ ਸੀ ਪਰ ਪਿਤਾ ਘਰ ਵਿਚ ਮੌਜੂਦ ਨਹੀਂ ਸੀ ਅਤੇ ਉਹ ਬੱਚੀ ਨੂੰ ਗੋਲੀਆਂ ਮਾਰ ਕੇ ਚਲੇ ਗਏ।

ਮਾਮਲਾ ਜ਼ਿਲੇ ਦੇ ਉਦਵੰਤਨਗਰ ਥਾਣਾ ਖੇਤਰ ਦੇ ਭੇਲਾਈ ਪਿੰਡ ਦਾ ਹੈ। 4 ਅਪਰਾਧੀ ਕ੍ਰਿਸ਼ਨ ਕੁਮਾਰ ਸਿੰਘ ਦੇ ਘਰ ਪਹੁੰਚੇ। ਦਰਵਾਜ਼ਾ ਖੜਕਾਉਣ ‘ਤੇ ਕ੍ਰਿਸ਼ਨ ਕੁਮਾਰ ਸਿੰਘ ਦੀ 8 ਸਾਲਾ ਬੇਟੀ ਆਰਾਧਿਆ ਹੱਥ ‘ਚ ਪੈਨਸਿਲ ਲੈ ਕੇ ਪਹੁੰਚੀ ਅਤੇ ਦਰਵਾਜ਼ਾ ਖੋਲ੍ਹਿਆ। ਹਮਲਾਵਰਾਂ ਨੇ ਪੁੱਛਿਆ ਕਿ ਕੀ ਉਸ ਦਾ ਪਿਤਾ ਘਰ ਵਿਚ ਹੈ ਜਦੋਂ ਆਰਾਧਿਆ ਨੇ ਇਨਕਾਰ ਕੀਤਾ ‘ਤਾਂ ਉਨ੍ਹਾਂ ਨੇ ਲੜਕੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ‘ਤੋਂ ਫਰਾਰ ਹੋ ਗਏ।

ਮਾਮਲਾ ਜ਼ਮੀਨੀ ਵਿਵਾਦ ਨਾਲ ਸਬੰਧਤ ਹੈ। ਦੱਸਿਆ ਜਾਂਦਾ ਹੈ ਕਿ ਕ੍ਰਿਸ਼ਨ ਕੁਮਾਰ ਸਿੰਘ ਦਾ ਆਪਣੇ ਰਿਸ਼ਤੇਦਾਰ ਨਾਲ ਝਗੜਾ ਚੱਲ ਰਿਹਾ ਹੈ। ਇਸੇ ਕਾਰਨ ਰਿਸ਼ਤੇਦਾਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ SHO ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਦਾ ਆਰਾ ਸਦਰ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ।

ਆਰਾਧਿਆ ਕੁਮਾਰੀ ਦੀ ਉਮਰ 8 ਸਾਲ ਸੀ ਅਤੇ ਉਹ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ। ਘਟਨਾ ਦੇ ਸਮੇਂ ਉਹ ਪੜ੍ਹਾਈ ਕਰ ਰਹੀ ਸੀ। ਸ਼ੂਟਿੰਗ ਦੌਰਾਨ ਆਰਾਧਿਆ ਦੇ ਹੱਥ ‘ਚ ਪੈਨਸਿਲ ਸੀ, ਜਿਸ ਨੂੰ ਉਸਨੇ ਮਰਦੇ ਦਮ ਤੱਕ ਫੜੀ ਰੱਖਿਆ। ਪਿਤਾ ਕ੍ਰਿਸ਼ਨ ਕੁਮਾਰ ਸਿੰਘ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਧੀ ਨੂੰ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਕ੍ਰਿਸ਼ਨ ਕੁਮਾਰ ਸਿੰਘ ਨੇ ਦੱਸਿਆ ਕਿ 2013 ਤੋਂ ਉਸ ਦਾ ਆਪਣੇ ਹੀ ਰਿਸ਼ਤੇਦਾਰ ਨਾਲ 6 ਵਿੱਘੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਤਨੀ ਨੇ ਮੈਨੂੰ ਫੋਨ ‘ਤੇ ਸੂਚਿਤ ਕੀਤਾ। ਜਿਵੇਂ ਹੀ ਮੈਂ ਸਾਸਾਰਾਮ ਤੋਂ ਘਰ ਪਰਤਿਆ ਤਾਂ ਮੈਂ ਦੇਖਿਆ ਕਿ ਮੇਰੀ ਬੇਟੀ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਸੀ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਆਰਾ ਦੇ ਸਦਰ ਹਸਪਤਾਲ ਪਹੁੰਚੇ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਉਦਵੰਤਨਗਰ ਥਾਣਾ ਮੁਖੀ ਅਵਧੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਦੀ ਸੂਚਨਾ ਦੇਰ ਨਾਲ ਮਿਲੀ। ਥਾਣਾ ਸਦਰ ਦੇ ਮੁਖੀ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਫਿਲਹਾਲ ਬਿਆਨ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।