ਪੰਜਾਬ ਵਿਚ ਸਿਹਤ ਖੇਤਰ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ 27 ਜਨਵਰੀ ਨੂੰ 400 ਹੋਰ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਤੋਂ ਕਰਨਗੇ। ਇਸ ਦੇ ਲਈ ਸਥਾਨਕ ਵਿਧਾਇਕਾਂ ਸਮੇਤ ਹੋਰ ਆਗੂਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਮੁੱਖ ਮੰਤਰੀ ਇਸ ਸਮੇਂ ਦੋ ਦਿਨਾਂ ਮੁੰਬਈ ਦੌਰੇ ‘ਤੇ ਹਨ। ਉਹ ਅੱਜ ਪੰਜਾਬ ਪਰਤ ਸਕਦੇ ਹਨ। ਆਉਣ ਵਾਲੇ ਦਿਨਾਂ ਵਿਚ 26 ਜਨਵਰੀ ਨੂੰ ਮੁੱਖ ਮੰਤਰੀ ਦੇ ਨਿਸ਼ਚਿਤ ਪ੍ਰੋਗਰਾਮ ਤੋਂ ਇਲਾਵਾ ਪੰਜਾਬ ਵਿਚ ਉਹਨਾਂ ਦੇ ਕਈ ਹੋਰ ਪ੍ਰੋਗਰਾਮ ਹਨ। ਇਸ ਤੋਂ ਬਾਅਦ 27 ਜਨਵਰੀ ਨੂੰ ਅੰਮ੍ਰਿਤਸਰ ਵਿਚ 400 ਆਮ ਆਦਮੀ ਕਲੀਨਿਕ ਖੋਲ੍ਹਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ।

ਪਹਿਲੇ ਪੜਾਅ ਵਿਚ ਸਿਹਤ ਵਿਭਾਗ ਨੇ 521 ਪੀਐਚਸੀ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਅਪਗ੍ਰੇਡ ਕੀਤਾ ਜਾਣਾ ਸੀ। ਮੁੱਖ ਮੰਤਰੀ ਨੇ ਪਹਿਲਾਂ ਇਹਨਾਂ ਕਲੀਨਿਕਾਂ ਨੂੰ 26 ਜਨਵਰੀ 2023 ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ ਪਰ ਗਣਤੰਤਰ ਦਿਵਸ ਕਾਰਨ ਹੁਣ ਇਸ ਨੂੰ 27 ਜਨਵਰੀ ਨੂੰ ਸ਼ੁਰੂ ਕੀਤਾ ਜਾਵੇਗਾ। ਇਹ ਕਲੀਨਿਕ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਸਥਿਤ ਪੀਐਚਸੀਜ਼ ਦੀਆਂ ਪਹਿਲਾਂ ਤੋਂ ਮੌਜੂਦ ਇਮਾਰਤਾਂ ਵਿਚ ਖੋਲ੍ਹੇ ਜਾਣਗੇ। ਇੱਥੇ ਇਹਨਾਂ ਇਮਾਰਤਾਂ ਨੂੰ ਨਵੇਂ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਅਪਗ੍ਰੇਡ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ ‘ਚ ਨਹੀਂ ਦਿਖੇਗੀ ਪੰਜਾਬ ਤੇ ਦਿੱਲੀ ਦੀ ਝਾਕੀ, ਕੇਂਦਰ ਸਰਕਾਰ ਵੱਲੋਂ…

ਸਿਹਤ ਵਿਭਾਗ ਵੱਲੋਂ ਪਹਿਲਾਂ ਤਿਆਰ ਕੀਤੇ ਪ੍ਰਸਤਾਵ ਅਨੁਸਾਰ ਅੰਮ੍ਰਿਤਸਰ ਵਿਚ 44 ਕਲੀਨਿਕ ਖੋਲ੍ਹੇ ਜਾਣਗੇ। ਲੁਧਿਆਣਾ ਵਿਚ 47, ਪਟਿਆਲਾ ਵਿਚ 40, ਜਲੰਧਰ ਵਿਚ 37, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 33-33, ਬਠਿੰਡਾ ਵਿਚ 24, ਸੰਗਰੂਰ ਵਿਚ 26, ਫਾਜ਼ਿਲਕਾ ਵਿਚ 22, ਫਿਰੋਜ਼ਪੁਰ, ਐਸਏਐਸ ਨਗਰ ਅਤੇ ਮੁਕਤਸਰ ਵਿਚ 19-19 ਅਤੇ ਕੁਝ ਹੋਰ ਥਾਵਾਂ ’ਤੇ ਕਲੀਨਿਕ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ: CM ਮਾਨ ਅੱਜ ਮੁੰਬਈ ‘ਚ ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ

ਇਸ ਤੋਂ ਪਹਿਲਾਂ 15 ਅਗਸਤ 2022 ਨੂੰ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ। ਇਹਨਾਂ ਨਾਲ ਸਬੰਧਤ ਸਰਕਾਰੀ ਅੰਕੜਿਆਂ ਅਨੁਸਾਰ 100 (65 ਸ਼ਹਿਰੀ ਅਤੇ 35 ਪੇਂਡੂ) ਆਮ ਆਦਮੀ ਕਲੀਨਿਕਾਂ ਵਿਚ ਰੋਜ਼ਾਨਾ 7 ਹਜ਼ਾਰ ਤੋਂ ਵੱਧ ਮਰੀਜ਼ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਮੌਜੂਦਾ ਸਮੇਂ ਵਿਚ ਇਹ ਕਲੀਨਿਕ 100 ਕਿਸਮ ਦੀਆਂ ਦਵਾਈਆਂ ਅਤੇ 41 ਬੁਨਿਆਦੀ ਲੈਬ ਟੈਸਟਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ।