ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ। ਜਿਸ ਲਈ ਸਕੂਲ ਦੇ ਅਧਿਆਪਕਾਂ ਨੂੰ ਵਿਦੇਸ਼ ਭੇਜਿਆ ਜਾਵੇਗਾ ਜਿਥੇ ਉਹ ਟ੍ਰੇਨਿੰਗ ਲੈ ਕੇ ਆਪਣੇ ਸਾਥੀ ਅਧਿਆਪਕਾਂ ਨੂੰ ਪੜ੍ਹਾਉਣ ਦੇ ਤਰੀਕੇ ਸਿਖਾਉਣਗੇ। ਇਸੇ ਤਹਿਤ 4 ਫਰਵਰੀ ਨੂੰ 36 ਪ੍ਰਿੰਸੀਪਲਾਂ ਦਾ ਪਹਿਲਾ ਜੱਥਾ ਸਿੰਗਾਪੁਰ ਲਈ ਰਵਾਨਾ ਹੋਵੇਗਾ।

ਇਸ ਦੀ ਜਾਣਕਾਰੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਟਵੀਟ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਜਥਾ 4 ਫਰਵਰੀ ਨੂੰ ਸਿੰਗਾਪੁਰ ਵਿਚ ਪ੍ਰਿੰਸੀਪਲ ਅਕਾਦਮੀ ਵਿਚ ਖਾਸ ਟ੍ਰੇਨਿੰਗ ਲਈ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਕੌਮਾਂਤਰੀ ਪੱਧਰ ਦੀ ਸਿੱਖਿਆ ਵਿਵਸਥਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।