ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ‘ਵਨ ਵਰਲਡ ਟੀਬੀ ਸੰਮੇਲਨ’ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ‘ਵਨ ਵਰਲਡ ਟੀਬੀ ਸੰਮੇਲਨ’ ਕਾਸ਼ੀ ‘ਚ ਹੋ ਰਿਹਾ ਹੈ। ਖੁਸ਼ਕਿਸਮਤੀ ਨਾਲ ਮੈਂ ਕਾਸ਼ੀ ਦਾ ਸੰਸਦ ਮੈਂਬਰ ਵੀ ਹਾਂ। ਕਾਸ਼ੀ ਨਗਰੀ ਇੱਕ ਸਦੀਵੀ ਧਰਤੀ ਹੈ ਜੋ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦੇ ਯਤਨਾਂ ਅਤੇ ਮਿਹਨਤ ਦਾ ਗਵਾਹ ਰਹੀ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਕਾਸ਼ੀ ਸ਼ਹਿਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਚੁਣੌਤੀ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਜਦੋਂ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਤਾਂ ਨਵਾਂ ਰਸਤਾ ਵੀ ਨਿਕਲਦਾ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਟੀਬੀ ਵਰਗੀ ਬੀਮਾਰੀ ਵਿਰੁੱਧ ਸਾਡੇ ਗਲੋਬਲ ਸੰਕਲਪ ਨੂੰ ਕਾਸ਼ੀ ਇਕ ਨਵੀਂ ਊਰਜਾ ਦੇਵੇਗਾ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਭਾਰਤ ਨੇ ਜਿਸ ਨਵੀਂ ਸੋਚ ਦੇ ਨਾਲ ਟੀਬੀ ਵਿਰੁੱਧ ਕੰਮ ਕਰਨਾ ਸ਼ੁਰੂ ਕੀਤਾ, ਉਹ ਵਾਕਈ ਅਦਭੁਤ ਹੈ। ਭਾਰਤ ਦੀ ਇਹ ਕੋਸ਼ਿਸ਼ ਪੂਰੇ ਵਿਸ਼ਵ ਨੂੰ ਇਸ ਲਈ ਵੀ ਜਾਣਨੀ ਚਾਹੀਦੀ ਹੈ ਕਿਉਂਕਿ ਇਹ ਟੀਵੀ ਦੇ ਵਿਰੁੱਥ ਗਲੋਬਲ ਲੜਾਈ ਦਾ ਇਕ ਨਵਾਂ ਮਾਡਲ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਹੁਣ ਸਾਲ 2025 ਤਕ ਟੀਬੀ ਖਤਮ ਕਰਨ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ। ਟੀਬੀ ਖਤਮ ਕਰਨ ਦਾ ਗਲੋਬਲ ਟੀਚਾ ਸਾਲ 2030 ਹੈ ਪਰ ਭਾਰਤ ਸਾਲ 2025 ਤਕ ਟੀਬੀ ਖਤਮ ਕਰਨ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ। ਅੱਜ ਭਾਰਤ ‘ਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ। ਕਰਨਾਟਕ ਅਤੇ ਜੰਮੂ-ਕਸ਼ਮੀਰ ਨੂੰ ਟੀਬੀ ਮੁਕਤ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਂ ਇਸ ਸਫਲਤਾ ਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਦੇਸ਼ ਦੇ ਤੌਰ ‘ਤੇ ਭਾਰਤ ਦੀ ਵਿਚਾਰਧਾਰਾ ਦਾ ਪ੍ਰਤੀਬਿੰਬ ਵਸੁਧੈਵ ਕੁਟੁੰਬਕਮ ਭਾਵ ‘ਪੂਰਾ ਸੰਸਾਰ ਇੱਕ ਪਰਿਵਾਰ ਹੈ’ ਦੀ ਭਾਵਨਾ ਵਿਚ ਝਲਕਦਾ ਹੈ। ਇਹ ਪ੍ਰਾਚੀਨ ਵਿਚਾਰ ਅੱਜ ਆਧੁਨਿਕ ਸੰਸਾਰ ਨੂੰ ਏਕੀਕ੍ਰਿਤ ਦ੍ਰਿਸ਼ਟੀ ਅਤੇ ਏਕੀਕ੍ਰਿਤ ਹੱਲ ਦੇ ਰਿਹਾ ਹੈ। ਇਸੇ ਲਈ ਭਾਰਤ ਨੇ ਵੀ ਜੀ-20 ਦਾ ਥੀਮ ਇੱਕ ਵਿਸ਼ਵ ਇੱਕ ਪਰਿਵਾਰ ਇੱਕ ਭਵਿੱਖ ਰੱਖਿਆ ਹੈ।