ਲੁਧਿਆਣਾ ‘ਚ ਇੱਕ ਭਿਆਨਕ ਰੇਲ ਹਾਦਸਾ ਵਾਪਰ ਗਿਆ ਹੈ। ਪੰਜਾਬ ਦੇ ਲੁਧਿਆਣਾ ਵਿੱਚ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ ਵਿੱਚ ਤਿੰਨ ਨੌਜਵਾਨ ਆ ਗਏ। ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ। ਤਿੰਨੋਂ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸਨ। ਰਾਤ ਨੂੰ ਤਿੰਨੋਂ ਢਾਬੇ ਤੋਂ ਖਾਣਾ ਖਾ ਕੇ ਵਾਪਸ ਕਮਰੇ ਵੱਲ ਜਾ ਰਹੇ ਸਨ।

ਇਸ ਦੌਰਾਨ ਟ੍ਰੈਕ ਪਾਰ ਕਰਦੇ ਸਮੇਂ ਤਿੰਨੋਂ ਰੇਲਗੱਡੀ ਤੋਂ ਕਟ ਗਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਪਰ ਪੁਲਸ ਇਸ ਮਾਮਲੇ ‘ਚ ਅਜੇ ਤੱਕ ਚੁੱਪ ਹੈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਲਵਦੀਪ ਵਾਸੀ ਨਵਾਂ ਸ਼ਹਿਰ, ਸੁਖਮਨ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਤਿੰਨੋਂ ਨੌਜਵਾਨ ਚੰਗੇ ਦੋਸਤ ਸਨ। ਢੰਡਾਰੀ ਵਿੱਚ ਦੋ ਨੌਜਵਾਨ ਲਵਦੀਪ ਅਤੇ ਸੁਖਮਨ ਪਿਛਲੇ 5 ਸਾਲਾਂ ਤੋਂ ਕੰਮ ਕਰਦੇ ਸਨ। ਜਦੋਂਕਿ ਰਵੀ ਪਿਛਲੇ 5 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ।

ਇੱਕ ਮ੍ਰਿਤਕ ਦਾ ਫ਼ੋਨ ਚੋਰੀ ਹੋ ਗਿਆ
ਜਦੋਂ ਮ੍ਰਿਤਕ ਰਵੀ ਦੇ ਭਰਾ ਸ਼ਿਵ ਕੁਮਾਰ ਨੇ ਫ਼ੋਨ ਕੀਤਾ ਤਾਂ ਇੱਕ ਵਿਅਕਤੀ ਨੇ ਫ਼ੋਨ ਚੁੱਕਿਆ ਅਤੇ ਕਿਹਾ ਕਿ ਉਸਨੂੰ ਇਹ ਮੋਬਾਈਲ ਰੇਲਵੇ ਲਾਈਨ ‘ਤੇ ਮਿਲਿਆ ਹੈ, ਉਹ ਆ ਕੇ ਉਸਦਾ ਫ਼ੋਨ ਲੈ ਲਵੇ। ਇਸ ਦੌਰਾਨ ਜਦੋਂ ਦੁਬਾਰਾ ਫ਼ੋਨ ਕੀਤਾ ਗਿਆ ਤਾਂ ਕਿਸੇ ਨੇ ਮੋਬਾਈਲ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜੰਮੂ ਮੇਲ ਦੇ ਲੋਕੋ ਪਾਇਲਟ ਨੇ ਕੁਝ ਦੂਰੀ ‘ਤੇ ਪਹੁੰਚ ਕੇ ਸਟੇਸ਼ਨ ਮਾਸਟਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸਟੇਸ਼ਨ ਮਾਸਟਰ ਨੇ ਥਾਣਾ ਜੀਆਰਪੀ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।