ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ‘ਚ ਮਾਸੂਮ ਦਿਲਰੋਜ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਗੁਆਂਢਣ ਮਹਿਲਾ ਦੇ ਪਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੇ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਥਾਣਾ ਕੋਤਵਾਲੀ ਦੀ ਪੁਲਸ ਨੇ ਲੱਕੜ ਬਾਜ਼ਾਰ ਕੋਲੋਂ ਮੁਲਜ਼ਮ ਅਰੁਣ ਕੁਮਾਰ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਮੁਲਜ਼ਮ ਤੋਂ 1 ਮੋਟਰਸਾਈਕਲ ਅਤੇ 16 ਪੀਸ ਸੂਟ ਬਰਾਮਦ ਹੋਏ ਹਨ।

ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਮੁਲਜ਼ਮ ਨਸ਼ਾਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਮੁਲਜ਼ਮ ਨੇ ਬੀਤੇ ਦਿਨ ਲੱਕੜ ਬਾਜ਼ਾਰ ਕੋਲ ਇਕ ਦੁਕਾਨ ਤੋਂ ਸਾਮਾਨ ਚੋਰੀ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਤੋਂ ਚੋਰੀ ਦਾ 1 ਮੋਟਰਸਾਈਕਲ ਅਤੇ 16 ਪੀਸ ਸੂਟ ਦੇ ਬਰਾਮਦ ਹੋਏ ਹਨ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਸ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।

ਮੁਲਜ਼ਮ ਅਕਤੂਬਰ 2022 ’ਚ ਜੇਲ੍ਹ ਤੋਂ ਛੁੱਟ ਕੇ ਆਇਆ ਹੈ। ਮੁਲਜ਼ਮ ’ਤੇ ਚੋਰੀ ਅਤੇ ਨਸ਼ਾ ਤਸਕਰੀ ਦੇ ਕੁੱਲ 4 ਕੇਸ ਦਰਜ ਹਨ। ਦੱਸਣਯੋਗ ਹੈ ਕਿ ਮਾਸੂਮ ਦਿਲਰੋਜ ਦੀ ਕਾਤਲ ਅਤੇ ਮੁਲਜ਼ਮ ਦੀ ਪਤਨੀ ਪਹਿਲਾਂ ਹੀ ਜੇਲ੍ਹ ‘ਚ ਬੰਦ ਹੈ। ਉਸ ਨੇ 28 ਨਵੰਬਰ, 2021 ਨੂੰ ਦਿਲਰੋਜ ਨੂੰ ਆਪਣੇ ਝਾਂਸੇ ‘ਚ ਲੈ ਕੇ ਜ਼ਿੰਦਾ ਦਫ਼ਨਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।