ਜੈਪੁਰ ਦੇ ਮਾਨਸਰੋਵਰ ਥਾਣੇ ਵਿਚ ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਖਿਆਲੀ ਖ਼ਿਲਾਫ਼ ਇਕ 25 ਸਾਲਾ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ 3 ਦਿਨ ਪਹਿਲਾਂ ਇਕ ਹੋਟਲ ਵਿਚ ਵਾਪਰੀ ਸੀ। ਕਾਮੇਡੀਅਨ ਖਿਅਾਲੀ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਨਸਰੋਵਰ ਇਲਾਕੇ ਦੇ ਇਕ ਹੋਟਲ ਦੇ ਕਮਰੇ ਵਿਚ ਨਸ਼ੇ ਦੀ ਹਾਲਤ ਵਿਚ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ।

ਮਾਨਸਰੋਵਰ ਥਾਣੇ ਦੇ ਐੱਸ. ਆਈ. ਸੰਦੀਪ ਯਾਦਵ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਕਾਮੇਡੀਅਨ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਇਕ ਦਿਨ ਬਾਅਦ ਇਸ ਸੰੰਬੰਧ ਵਿਚ ਸ਼ਿਕਾਇਤ ਦਰਜ ਕੀਤੀ ਗਈ। ਪੁਲਸ ਨੇ ਕਿਹਾ ਕਿ ਪੀੜਤਾ ਸ਼੍ਰੀਗੰਗਾਨਗਰ ਦੀ ਰਹਿਣ ਵਾਲੀ ਹੈ ਅਤੇ ਉਹ ਇਕ ਗੁਟਖਾ ਫਰਮ ਵਿਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਨ ਵਾਲੀ ਇਕ ਹੋਰ ਮਹਿਲਾ ਨਾਲ ਲਗਭਗ ਇਕ ਮਹੀਨਾ ਪਹਿਲਾਂ ਕੰਮ ਦਿਵਾਉਣ ਲਈ ਕਾਮੇਡੀਅਨ ਦੇ ਸੰਪਰਕ ਵਿਚ ਆਈ ਸੀ।

ਉਨ੍ਹਾਂ ਦੱਸਿਆ ਕਿ ਕਾਮੇਡੀਅਨ ਖਿਆਲੀ ਨੇ ਮਾਨਸਰੋਵਰ ਵਿਚ ਇਕ ਹੋਟਲ ਵਿਚ 2 ਕਮਰੇ ਬੁੱਕ ਕੀਤੇ ਸਨ-ਇਕ ਖੁਦ ਲਈ ਅਤੇ ਦੂਜਾ 2 ਔਰਤਾਂ ਲਈ। ਬਾਅਦ ਵਿਚ ਔਰਤਾਂ ਵਿਚੋਂ ਇਕ ਕਮਰੇ ਵਿਚੋਂ ਚਲੀ ਗਈ ਅਤੇ ਕਾਮੇਡੀਅਨ ਨੇ ਪੀੜਤ ਔਰਤ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।