ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਰਿਮਾਂਡ ਵਧਾ ਦਿੱਤਾਗਿਆ  ਹੈ। ਹੁਣ ਇਸ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਈਡੀ ਨੇ ਉਨ੍ਹਾਂ ਦੇ ਪੀਏ ਦੇਵੇਂਦਰ ਸ਼ਰਮਾ ਨੂੰ ਵੀ ਸੰਮਨ ਭੇਜੇ ਹਨ। ਉਸ ਨੂੰ ਪੁੱਛਗਿੱਛ ਲਈ ਸ਼ਨੀਵਾਰ (18 ਮਾਰਚ) ਨੂੰ ਈਡੀ ਹੈੱਡਕੁਆਰਟਰ ਪਹੁੰਚਣਾ ਹੋਵੇਗਾ।

ਸੂਤਰਾਂ ਮੁਤਾਬਕ ਪੀਏ ਸ਼ਰਮਾ ਨੂੰ ਪਹਿਲਾਂ ਵੀ ਸੰਮਨ ਭੇਜਿਆ ਗਿਆ ਸੀ ਪਰ ਉਨ੍ਹਾਂ ਨੇ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਸੀਬੀਆਈ ਵੀ ਉਸ ਤੋਂ ਪੁੱਛਗਿੱਛ ਕਰ ਚੁੱਕੀ ਹੈ। ‘ਆਪ’ ਨੇਤਾ ਸਿਸੋਦੀਆ ਦੇ ਪੀਏ ਸ਼ਰਮਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਨੀਸ਼ ਸਿਸੋਦੀਆ ਦੇ ਕਹਿਣ ‘ਤੇ ਆਪਣੇ ਖਰਚੇ ‘ਤੇ ਮੋਬਾਈਲ ਫੋਨ ਖਰੀਦੇ ਸਨ। ਸੀਬੀਆਈ ਨੇ ਦੋ ਹਫ਼ਤੇ ਪਹਿਲਾਂ ਉਸ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਸੀ।

ਦਰਅਸਲ ਦਿੱਲੀ ਦੀ ਆਬਕਾਰੀ ਨੀਤੀ ਜਿਸ ਵਿੱਚ ਸੀਬੀਆਈ ਅਤੇ ਈਡੀ ਕਥਿਤ ਘੁਟਾਲੇ ਦੀ ਜਾਂਚ ਕਰ ਰਹੇ ਹਨ, ਉਹ ਨੀਤੀ ਹੁਣ ਰੱਦ ਕਰ ਦਿੱਤੀ ਗਈ ਹੈ। ਪਿਛਲੇ ਸਾਲ 25 ਨਵੰਬਰ ਨੂੰ ਇਸ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿੱਚ ਆਬਕਾਰੀ ਵਿਭਾਗ ਦੇ ਇੰਚਾਰਜ ਸਿਸੋਦੀਆ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਸੀਬੀਆਈ ਨੇ ਚਾਰਜਸ਼ੀਟ ਵਿੱਚ ਸਿਸੋਦੀਆ ਦਾ ਨਾਂ ਨਹੀਂ ਲਿਆ ਸੀ ਕਿਉਂਕਿ ਕੇਂਦਰੀ ਜਾਂਚ ਏਜੰਸੀ ਉਸ ਅਤੇ ਹੋਰ ਸ਼ੱਕੀਆਂ ਅਤੇ ਮੁਲਜ਼ਮਾਂ ਖ਼ਿਲਾਫ਼ ਜਾਂਚ ਕਰ ਰਹੀ ਸੀ।