ਚੀਨ ਦੇ ਸ਼ਹਿਰ ਸ਼ੰਗਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ’ਚ ਭਾਰਤ ਵੱਲੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਕਾਂਸੀ ਤਮਗ਼ਾ ਜਿੱਤਿਆ। ਅਵਨੀਤ ਨੇ ਵਿਸ਼ਵ ਕੱਪ ’ਚ ਮਹਿਲਾ ਵਰਗ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿਚ ਤੀਜੇ ਸਥਾਨ ਵਾਲੇ ਮੈਚ ਵਿਚ ਤੁਰਕੀ ਦੀ ਤੀਰਅੰਦਾਜ਼ ਇਪੇਕ ਤੋਮੁਰਕ ਨੂੰ 147-144 ਨਾਲ ਹਰਾ ਕੇ ਕਾਂਸੀ ਤਮਗ਼ਾ ਜਿੱਤਿਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਉੱਤੇ ਤੀਰਅੰਦਾਜ਼ ਅਵਨੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਤੀਰਅੰਦਾਜ਼ ਦੀ ਸਖ਼ਤ ਮਿਹਨਤ, ਲਗਨ ਤੇ ਸਮਰਪਣ ਭਾਵਨਾ ਦੇ ਨਾਲ ਉਸ ਦੇ ਕੋਚ ਅਤੇ ਮਾਪਿਆਂ ਸਿਰ ਬੰਨ੍ਹਿਆ। ਖੇਡ ਮੰਤਰੀ ਨੇ ਅਵਨੀਤ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਸ ਖੇਡ ’ਚ ਦੇਸ਼ ਦਾ ਭਵਿੱਖ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਅਵਨੀਤ ਹੋਰ ਵੀ ਪ੍ਰਾਪਤੀਆਂ ਕਰੇਗੀ।

ਅਵਨੀਤ ਦੀ ਇਹ ਪ੍ਰਾਪਤੀ ਸੂਬੇ ’ਚ ਨਵੀਂ ਉਮਰ ਦੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣੇਗੀ ਹੈ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿਚ ਨੰਬਰ ਇਕ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਸ ਵਾਰ ਖੇਡਾਂ ਦੇ ਬਜਟ ਵਿਚ ਵੀ 55 ਫੀਸਦੀ ਵਾਧਾ ਕੀਤਾ। ਨਵੀਂ ਖੇਡ ਨੀਤੀ ਵੀ ਜਲਦ ਆ ਰਹੀ ਹੈ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਦੀ ਰਹਿਣ ਵਾਲੀ ਅਵਨੀਤ ਕੌਰ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ। ਵਿਸ਼ਵ ਕੱਪ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਉਹ ਸੈਮੀਫ਼ਾਈਨਲ ਵਿੱਚ ਪੁੱਜੀ ਸੀ, ਜਿਥੇ ਉਹ ਇੰਗਲੈਂਡ ਦੀ ਤੀਰਅੰਦਾਜ਼ ਇਲ ਗਿਬਸਨ ਤੋਂ 144-146 ਨਾਲ ਹਾਰ ਗਈ। ਇਸ ਤੋਂ ਬਾਅਦ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿਚ ਉਸ ਨੇ ਤੁਰਕੀ ਦੀ ਤੀਰਅੰਦਾਜ਼ ਨੂੰ ਹਰਾ ਕੇ ਤਮਗ਼ਾ ਜਿੱਤਿਆ।