ਪੰਜਾਬ ਵਿਚ ਇਸ ਸਮੇਂ ਪੁਲਿਸ ਐਕਸ਼ਨ ਮੋਡ ਵਿਚ ਹੈ। ਪੁਲਿਸ ਵੱਲੋਂ ਥਾਂ-ਥਾਂ ‘ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ CIA ਸਟਾਫ਼ ਦੀ ਪੁਲਿਸ ਨੇ ਬੀਤੀ ਸ਼ਾਮ ਅਬੋਹਰ ਵਿਖੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਨਜਾਇਜ਼ ਪਿਸਤੌਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਨੰਬਰ 2 ਦੀ ਪੁਲਿਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਹੈੱਡ ਕਾਂਸਟੇਬਲ ਸਿਕੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਕੰਧਵਾਲਾ-ਕੇਕਰਖੇੜਾ ਰੋਡ ‘ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਪੁਲਿਸ ਵੱਲੋਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਇਸ ਪਿਸਤੌਲ ਨਾਲ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ।
ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਫੜੇ ਗਏ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਉਰਫ ਮੂਸੇਵਾਲਾ ਪੁੱਤਰ ਸਤਨਾਮ ਸਿੰਘ ਵਾਸੀ ਬਹਿਕਖਾਸ, ਥਾਣਾ ਸਦਰ ਫਾਜ਼ਿਲਕਾ ਵਜੋਂ ਹੋਈ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਹੈ।