ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਕਸਬਾ ਫਤਿਹਾਬਾਦ ਵਿਖੇ ਬੀਤੀ ਰਾਤ ਟਰੈਕਟਰ-ਟਰਾਲੀ ਦੇ ਸੂਏ ਵਿੱਚ ਡਿੱਗਣ ਕਾਰਨ ਪਿਓ-ਪੁੱਤ ਦੀ ਮੌਕੇ ‘ਤੇ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪਿਓ-ਪੁੱਤ ਦੀ ਪਛਾਣ ਰਣਜੀਤ ਸਿੰਘ (45) ਪੁੱਤਰ ਗੁਰਬਖ਼ਸ਼ ਸਿੰਘ ਅਤੇ ਰੋਬਿਨ ਸਿੰਘ (12) ਵਾਸੀ ਪਿੰਡ ਢੋਟੀਆਂ ,ਤਰਨਤਾਰਨ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਦੋਵੇਂ ਪਿਓ-ਪੁੱਤ ਟਰੈਕਟਰ-ਟਰਾਲੀ ‘ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖੇਲੇ ਰੋਡ ‘ਤੇ ਪੈਂਦੇ ਸਕੂਲ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਸੂਏ ‘ਚ ਜਾ ਡਿਗਿਆ। ਸੂਏ ‘ਚ ਟਰੈਕਟਰ ਪਲਟਣ ਕਾਰਨ ਦੋਵੇਂ ਟਰੈਕਟਰ ਹੇਠਾਂ ਦੱਬ ਗਏ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।