ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਐਲੋਨ ਮਸਕ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਉਹ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਐਲੋਨ ਮਸਕ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ। ਦਰਅਸਲ, ਮਸਕ ਮੁਤਾਬਕ ਅਗਲੇ ਮਹੀਨੇ ਤੋਂ ਟਵਿੱਟਰ ‘ਤੇ ਖ਼ਬਰਾਂ ਪੜ੍ਹਨ ਲਈ ਯੂਜ਼ਰਸ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਯੂਜ਼ਰਸ ਨੂੰ ਅਗਲੇ ਮਹੀਨੇ ਤੋਂ ਖਬਰਾਂ ਪੜ੍ਹਨ ਲਈ ਪੈਸੇ ਦੇਣੇ ਹੋਣਗੇ।

ਐਲੋਨ ਮਸਕ ਦੀ ਯੋਜਨਾ ਮੁਤਾਬਕ ਯੂਜ਼ਰਸ ਤੋਂ ਅਗਲੇ ਮਹੀਨੇ ਤੋਂ ਪ੍ਰਤੀ ਲੇਖ ਦੇ ਅਧਾਰ ‘ਤੇ ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਸਿਕ ਸਬਸਕ੍ਰਿਪਸ਼ਨ ਦਾ ਆਪਸ਼ਨ ਵੀ ਉਪਲਬਧ ਹੋਵੇਗਾ। ਇਸ ਦੇ ਲਈ ਯੂਜ਼ਰਸ ਨੂੰ ਜ਼ਿਆਦਾ ਪੈਸੇ ਦੇਣੇ ਹੋਣਗੇ। ਮਸਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਐਲੋਨ ਮਸਕ ਨੇ ਟਵੀਟ ਕੀਤਾ ਕਿ ਅਗਲੇ ਮਹੀਨੇ ਤੋਂ ਪਲੇਟਫਾਰਮ ਮੀਡੀਆ ਪ੍ਰਕਾਸ਼ਕਾਂ ਨੂੰ ਇੱਕ ਕਲਿੱਕ ਨਾਲ ਪ੍ਰਤੀ-ਲੇਖ ਦੇ ਆਧਾਰ ‘ਤੇ ਉਪਭੋਗਤਾਵਾਂ ਨੂੰ ਚਾਰਜ ਕਰਨ ਦੀ ਇਜਾਜ਼ਤ ਦੇਵੇਗਾ। ਉਨ੍ਹਾਂ ਕਿਹਾ ਕਿ ਰੈਗੂਲਰ ਨਿਊਜ਼ ਰੀਡਰਾਂ ਲਈ ਮਹੀਨਾਵਾਰ ਸਬਸਕ੍ਰਿਪਸ਼ਨ ਦਾ ਬਦਲ ਮੁਹੱਈਆ ਹੋਵੇਗਾ। ਅਜਿਹੇ ਯੂਜ਼ਰ ਮਹੀਨਾਵਾਰ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਖ਼ਬਰਾਂ ਨੂੰ ਪੜ੍ਹ ਸਕਣਗੇ। ਇਸ ਦੇ ਨਾਲ ਹੀ ਜੋ ਯੂਜ਼ਰ ਕਦੇ-ਕਦਾਈਂ ਲੇਖ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰਤੀ ਲੇਖ ਦਾ ਭੁਗਤਾਨ ਕਰਨਾ ਹੋਵੇਗਾ। ਮਸਕ ਨੇ ਇਸ ਨੂੰ ਮੀਡੀਆ ਅਦਾਰਿਆਂ ਅਤੇ ਜਨਤਾ ਦੋਵਾਂ ਲਈ ਵੱਡੀ ਜਿੱਤ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਟਵਿੱਟਰ ਨੇ ਉਨ੍ਹਾਂ ਯੂਜ਼ਰਸ ਦੇ ਪ੍ਰੋਫਾਈਲ ਤੋਂ ਨੀਲੇ ਵੈਰੀਫਾਈਡ ਬੈਜ ਨੂੰ ਹਟਾ ਦਿੱਤਾ ਸੀ, ਜਿਨ੍ਹਾਂ ਕੋਲ ਟਵਿੱਟਰ ਬਲੂ ਸਬਸਕ੍ਰਿਪਸ਼ਨ ਨਹੀਂ ਹੈ। ਹੁਣ ਜੇ ਤੁਸੀਂ ਟਵਿੱਟਰ ‘ਤੇ ਬਲੂ ਬੈਜ ਚਾਹੁੰਦੇ ਹੋ, ਤਾਂ ਤੁਹਾਨੂੰ ਸਬਸਕ੍ਰਾਈਬ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਵਿਟਰ ‘ਤੇ ਕਈ ਬਦਲਾਅ ਹੋ ਚੁੱਕੇ ਹਨ।