ਚੰਡੀਗੜ੍ਹ ‘ਚ ਇੱਕ ਨਾਬਾਲਿਗ ਨਾਲ ਗੈਂਗਰੇਪ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਰਕਾਰੀ ਸਕੂਲ ਦੀ ਨਾਬਾਲਗ ਵਿਦਿਆਰਥਣ ਨਾਲ ਉਸ ਦੇ ਹੀ ਸਕੂਲ ‘ਚ ਪੜ੍ਹਨ ਵਾਲੇ ਨਾਬਾਲਗ ਵਿਦਿਆਰਥੀਆਂ ਵੱਲੋਂ ਸਮੂਹਿਕ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਸ ਘਟਨਾ ਦੇ ਦੋਸ਼ੀ ਨਾਬਾਲਗ ਵਿਦਿਆਰਥੀਆਂ ਨੂੰ ਪੁਲਸ ਨੇ ਕਾਬੂ ਕਰਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਪੀੜਤਾ 7ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨਾਲ ਸਕੂਲ ਦੇ ਹੀ 5 ਨਾਬਾਲਗ ਵਿਦਿਆਰਥੀਆਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਨ੍ਹਾਂ ‘ਚੋਂ ਇਕ ਦੋਸ਼ੀ ਪੀੜਤਾ ਦੀ ਹੀ ਜਮਾਤ ‘ਚ ਪੜ੍ਹਦਾ ਹੈ।

ਦੋਸ਼ ਹੈ ਕਿ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਉਕਤ ਵਿਦਿਆਰਥੀਆਂ ਨੇ ਪੀੜਤਾ ਨਾਲ ਝਾੜੀਆਂ ‘ਚ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਪੀੜਤਾ ਨੂੰ ਉਸ ਦੇ ਗੁਆਂਢ ‘ਚ ਰਹਿਣ ਵਾਲਾ ਵਿਦਿਆਰਥੀ ਕਾਫ਼ੀ ਸਮੇਂ ਤੋਂ ਬਲੈਕਮੇਲ ਕਰ ਰਿਹਾ ਸੀ। ਉਸ ਦੇ ਕਹਿਣ ‘ਤੇ ਪੀੜਤਾ ਨੇ ਇਕ ਦੁਕਾਨ ਦੇ ਗੱਲੇ ‘ਚੋਂ ਪੈਸੇ ਚੋਰੀ ਕੀਤੇ ਸਨ। ਇਸ ਤੋਂ ਬਾਅਦ ਵਿਦਿਆਰਥੀ ਇਸ ਚੋਰੀ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ।

ਪੀੜਤਾ ਨੇ ਦੱਸਿਆ ਕਿ ਉਕਤ ਵਿਦਿਆਰਥੀ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਨੂੰ ਡਰ ਸੀ ਕਿ ਉਹ ਕਿਤੇ ਚੋਰੀ ਵਾਲੀ ਗੱਲ ਉਸ ਦੇ ਘਰ ਵਾਲਿਆਂ ਨੂੰ ਨਾ ਦੱਸ ਦੇਵੇ। ਫਿਲਹਾਲ ਚਾਈਲਡ ਹੈਲਪਲਾਈਨ ਦੀ ਸ਼ਿਕਾਇਤ ‘ਤੇ ਪੁਲਸ ਨੇ ਪੀੜਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।