ਟਵਿਟੱਰ ਦੇ ਸੀਈਓ ਐਲਨ ਮਸਕ ਹਮੇਸ਼ਾ ਆਪਣੇ ਫੈਸਲਿਆਂ ਨਾਲ ਦੁਨੀਆ ਨੂੰ ਹੈਰਾਨ ਕਰਦੇ ਰਹੇ ਹਨ। ਉਨ੍ਹਾਂ ਦੇ ਹਰ ਫੈਸਲੇ ਲਈ ਉਨ੍ਹਾਂ ਦੀ ਆਲੋਚਨਾ ਹੁੰਦੀ ਹੈ ਪਰ ਐਲਨ ਮਸਕ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਆਪਣੀ ਦੁਨੀਆ ਵਿਚ ਮਸਤ ਰਹਿੰਦੇ ਹਨ ਅਤੇ ਆਪਣੇ ਕਿਸੇ ਵੀ ਫੈਸਲੇ ‘ਤੇ ਪਛਤਾਵਾ ਨਹੀਂ ਕਰਦੇ। ਹੁਣ ਐਲਨ ਮਸਕ ਨੇ ਅਜਿਹਾ ਫੈਸਲਾ ਲਿਆ ਹੈ ਕਿ ਟਵਿੱਟਰ ਯੂਜ਼ਰਸ ਦੇ ਫਾਲੋਅਰਜ਼ ਨੂੰ ਇੱਕ ਝਟਕੇ ਵਿੱਚ ਅੱਧੇ ਜਾਂ ਇਸ ਤੋਂ ਵੀ ਘੱਟ ਸਕਦੇ ਹਨ।

ਦਰਅਸਲ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਟਵੀਟ ਕੀਤਾ ਹੈ ਕਿ ਉਹ ਉਨ੍ਹਾਂ ਸਾਰੇ ਖਾਤਿਆਂ ਨੂੰ ਹਟਾ ਦੇਣਗੇ, ਜੋ ਕਈ ਸਾਲਾਂ ਤੋਂ ਸਰਗਰਮ ਨਹੀਂ ਹਨ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ, ‘ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਾਂ, ਜਿਨ੍ਹਾਂ ‘ਚ ਕਈ ਸਾਲਾਂ ਤੋਂ ਕੋਈ ਸਰਗਰਮੀ ਨਹੀਂ ਹੋਈ ਹੈ, ਇਸ ਲਈ ਤੁਹਾਨੂੰ ਫਾਲੋਅਰਸ ਦੀ ਗਿਣਤੀ ‘ਚ ਕਮੀ ਵੇਖਣ ਨੂੰ ਮਿਲੇਗੀ।’

ਐਲਨ ਮਸਕ ਦੇ ਇਸ ਟਵੀਟ ਤੋਂ ਬਾਅਦ ਕਈ ਟਵਿੱਟਰ ਯੂਜ਼ਰਸ ਡਰੇ ਹੋਏ ਹਨ, ਕਿਉਂਕਿ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ‘ਚ ਅਚਾਨਕ ਭਾਰੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਟਵਿੱਟਰ ‘ਤੇ ਅਕਿਰਿਆਸ਼ੀਲ ਖਾਤਿਆਂ ਦੀ ਗਿਣਤੀ ਲੱਖਾਂ ‘ਚ ਹੈ। ਇਨ੍ਹਾਂ ਅਕਾਊਂਟਸ ਨੂੰ ਡਿਲੀਟ ਕਰਨ ਤੋਂ ਬਾਅਦ ਟਵਿੱਟਰ ਯੂਜ਼ਰਸ ਦੇ ਫਾਲੋਅਰਜ਼ ‘ਚ ਅਚਾਨਕ ਕਮੀ ਆ ਸਕਦੀ ਹੈ। ਅਜਿਹੇ ਅਕਾਊਂਟ ਤੋਂ ਕਦੇ ਕੋਈ ਪੋਸਟ ਨਹੀਂ ਕੀਤੀ ਗਈ ਹੈ। ਬਹੁਤ ਸਾਰੇ ਅਕਾਊਂਟ ਹਨ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ।

ਐਲਨ ਮਸਕ ਮੁਤਾਬਕ ਟਵਿੱਟਰ ਦੀ ਪਾਲਿਸੀ ਮੁਤਾਬਕ ਯੂਜ਼ਰ ਨੂੰ ਆਪਣੇ ਅਕਾਊਂਟ ਨੂੰ ਐਕਟਿਵ ਰੱਖਣ ਲਈ ਮਹੀਨੇ ‘ਚ ਘੱਟੋ-ਘੱਟ ਇਕ ਵਾਰ ਲੌਗਇਨ ਕਰਨਾ ਜ਼ਰੂਰੀ ਹੁੰਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਮਸਕ ਨੇ ਨੈਸ਼ਨਲ ਪਬਲਿਕ ਰੇਡੀਓ ਦੇ 52 ਟਵਿੱਟਰ ਖਾਤਿਆਂ ਨੂੰ ਕਿਸੇ ਹੋਰ ਕੰਪਨੀ ਨੂੰ ਸੌਂਪਣ ਦੀ ਧਮਕੀ ਦਿੱਤੀ ਸੀ ਕਿਉਂਕਿ ਇਹਨਾਂ ਖਾਤਿਆਂ ਨੇ ਟਵਿੱਟਰ ਫੀਡ ਵਿੱਚ ਸਮੱਗਰੀ ਪੋਸਟ ਕਰਨਾ ਬੰਦ ਕਰ ਦਿੱਤਾ ਸੀ।

ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਟਵਿੱਟਰ ਨੇ ਲੀਗੇਸੀ ਬਲੂ ਟਿੱਕ ਹਟਾ ਦਿੱਤਾ ਸੀ, ਜੋ ਮਸ਼ਹੂਰ ਹਸਤੀਆਂ, ਪੱਤਰਕਾਰਾਂ ਅਤੇ ਪ੍ਰਮੁੱਖ ਰਾਜਨੇਤਾਵਾਂ ਲਈ ਮੁਫਤ ਉਪਲਬਧ ਹੈ, ਹਾਲਾਂਕਿ ਬਾਅਦ ਵਿੱਚ ਅਜਿਹੇ ਅਕਾਊਂਸ ਦੇ ਬਲੂ ਟਿੱਕ ਵੀ ਵਾਪਸ ਕਰ ਦਿੱਤੇ ਗਏ ਸਨ, ਜਿਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 10 ਲੱਖ ਜਾਂ ਇਸ ਤੋਂ ਵੱਧ ਹੈ।