ਐਪਲ ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ਨੂੰ ਕੰਪਨੀ ਨਾਲ 17 ਮਿਲੀਅਨ ਡਾਲਰ ਯਾਨੀ 138 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਉਸ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਨੂੰ 19 ਮਿਲੀਅਨ ਡਾਲਰ ਯਾਨੀ ਲਗਭਗ 155 ਕਰੋੜ ਰੁਪਏ ਦਾ ਜੁਰਮਾਨਾ ਭਰਨ ਲਈ ਵੀ ਕਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ 2008-2018 ਦਰਮਿਆਨ ਐਪਲ ਦੀ ਗਲੋਬਲ ਸਰਵਿਸਿਜ਼ ਸਪਲਾਈ ਚੇਨ ਵਿੱਚ ਖਰੀਦਦਾਰ ਵਜੋਂ ਕੰਮ ਕੀਤਾ। ਉਹ ਵਿਕਰੇਤਾਵਾਂ ਤੋਂ ਫੋਨ ਦੇ ਪਾਰਟਸ ਖਰੀਦਣ ਤੋਂ ਲੈ ਕੇ ਕਈ ਹੋਰ ਕੰਮਾਂ ਲਈ ਜ਼ਿੰਮੇਵਾਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਦੋ ਕੰਪਨੀਆਂ ਨਾਲ ਡੀਲ ਕਰਦਾ ਸੀ ਜੋ ਕਿ ਐਪਲ ਕੰਪਨੀ ਨੂੰ ਪਾਰਟਸ ਵੇਚਦੀ ਹੈ। ਦੋਸ਼ੀ ਦੀ ਪਛਾਣ 55 ਸਾਲਾ ਧੀਰੇਂਦਰ ਪ੍ਰਸਾਦ ਵੱਜੋਂ ਹੋਈ ਹੈ। ਧੀਰੇਂਦਰ ਨੇ ਇਹ ਵੀ ਮੰਨਿਆ ਕਿ ਉਸਨੇ ਆਪਣੀਆਂ ਗਤੀਵਿਧੀਆਂ ਅਤੇ ਟੈਕਸ ਚੋਰੀ ਲਈ ਦੋ ਵਿਕਰੇਤਾ ਕੰਪਨੀਆਂ ਨਾਲ ਮਿਲ ਕੇ ਕੰਮ ਕੀਤਾ।

ਯੂਐਸ ਅਟਾਰਨੀ ਦੇ ਦਫ਼ਤਰ ਦੁਆਰਾ ਸਾਂਝੀ ਕੀਤੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਧੀਰੇਂਦਰ ਪ੍ਰਸਾਦ ਨੂੰ ਨਵੰਬਰ 2022 ਵਿੱਚ ਐਪਲ ਅਤੇ ਸਬੰਧਤ ਟੈਕਸ ਅਪਰਾਧਾਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਧੀਰੇਂਦਰ ਨੂੰ ਟੈਕਸ ਚੋਰੀ ਦੇ ਮਾਮਲੇ ‘ਚ 15 ਕਰੋੜ ਰੁਪਏ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ 44 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਅਤੇ 65 ਕਰੋੜ ਰੁਪਏ ਨਕਦ ਅਦਾ ਕਰਨ ਦੇ ਹੁਕਮ ਦਿੱਤੇ ਹਨ। ਧੀਰੇਂਦਰ ਨੇ ਸਾਰੇ ਦੋਸ਼ ਕਬੂਲ ਕਰ ਲਏ ਹਨ।